ਵਿਧਾਨ ਸਭਾ ਚੋਣ ਨਤੀਜੇ: ਰੁਝਾਨਾਂ ’ਚ TMC ਨੂੰ ਲੀਡ, ਭਾਜਪਾ ਪਿੱਛੇ
Sunday, May 02, 2021 - 08:49 AM (IST)
ਨੈਸ਼ਨਲ ਡੈਸਕ— ਪੱਛਮੀ ਬੰਗਾਲ ਵਿਧਾਨ ਚੋਣ ਨਤੀਜੇ ਅੱਜ ਆਉਣਗੇ। ਵੋਟਾਂ ਦੀ ਗਿਣਤੀ ਜਾਰੀ ਹੈ। ਅੱਜ ਸਾਫ਼ ਹੋ ਜਾਵੇਗਾ ਕਿ ਆਖ਼ਰ ਬੰਗਾਲ ’ਚ ਮਮਤਾ ਬੈਨਰਜੀ ਯਾਨੀ ਕਿ ਦੀਦੀ ਦੀ ਵਾਪਸੀ ਹੋਵੇਗੀ ਜਾਂ ਫਿਰ ਕਮਲ ਖ਼ਿੜੇਗਾ। ਸ਼ੁਰੂਆਤੀ ਰੁਝਾਨਾਂ ਦੀ ਗੱਲ ਕੀਤੀ ਜਾਵੇ ਤਾਂ ਤ੍ਰਿਣਮੂਲ ਕਾਂਗਰਸ ਯਾਨੀ ਕਿ ਟੀ. ਐੱਮ. ਸੀ. ਅਤੇ ਭਾਜਪਾ ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ। ਤ੍ਰਿਣਮੂਲ ਕਾਂਗਰਸ 196 ਸੀਟਾਂ ਅਤੇ ਭਾਜਪਾ 94 ਸੀਟਾਂ ਨਾਲ ਅੱਗੇ ਚੱਲ ਰਹੀ ਹੈ। 292 ਸੀਟਾਂ ’ਤੇ ਰੁਝਾਨ ਆ ਗਏ ਹਨ। ਪੱਛਮੀ ਬੰਗਾਲ ’ਚ ਮੁੱਖ ਮੁਕਾਬਲਾ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਹਾਲਾਂਕਿ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ।
ਉੱਥੇ ਹੀ ਨਤੀਜਿਆਂ ਦੇ ਐਲਾਨ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੱਛਮੀ ਬੰਗਾਲ ’ਚ ਕੁੱਲ 294 ਵਿਧਾਨ ਸਭਾ ਸੀਟਾਂ ’ਚੋਂ 292 ਸੀਟਾਂ ’ਚੇ 8 ਪੜਾਵਾਂ ’ਚ ਵੋਟਾਂ ਪਈਆਂ ਸਨ, ਜਦਕਿ ਸ਼ਮਸ਼ੇਰਗੰਜ ਤੇ ਜੰਗੀਪੁਰ ਵਿਧਾਨ ਸਭਾ ਹਲਕੇ ਦੇ 2 ਉਮੀਦਵਾਰਾਂ ਦਾ ਦਿਹਾਂਤ ਹੋਣ ਕਾਰਨ ਉੱਥੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਪੱਛਮੀ ਬੰਗਾਲ ’ਚ 294 ਸੀਟਾਂ ਲਈ 2,116 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਕਿਸੇ ਵੀ ਪਾਰਟੀ ਨੂੰ ਬਹੁਮਤ ਲਈ ਕੁੱਲ 294 ਸੀਟਾਂ ’ਚੋਂ 148 ਸੀਟਾਂ ਜਿੱਤਣਾ ਜ਼ਰੂਰੀ ਹੈ। ਵੋਟਿੰਗ ਕੇਂਦਰਾਂ ’ਤੇ ਘੱਟੋ-ਘੱਟ 292 ਸੁਪਰਵਾਈਜ਼ਰ ਅਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 256 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ।