ਬਦਲਿਆ ਮੌਸਮ ਦਾ ਮਿਜਾਜ਼: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਤੇਜ਼ ਤੂਫਾਨ ਨਾਲ ਪਵੇਗਾ ਮੀਂਹ

Wednesday, Jun 18, 2025 - 11:45 AM (IST)

ਬਦਲਿਆ ਮੌਸਮ ਦਾ ਮਿਜਾਜ਼: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਤੇਜ਼ ਤੂਫਾਨ ਨਾਲ ਪਵੇਗਾ ਮੀਂਹ

ਨੈਸ਼ਨਲ ਡੈਸਕ- ਉੱਤਰ ਭਾਰਤ 'ਚ ਦੇ ਕਈ ਸੂਬਿਆਂ 'ਚ ਮੀਂਹ ਕਾਰਨ ਮੌਸਮ ਬਦਲ ਗਿਆ ਹੈ। ਜਿਸ ਕਾਰਨ ਗਰਮੀ ਤੋਂ ਬੇਹਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ 'ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਮੌਸਮ ਵਿਭਾਗ ਨੇ ਅੱਜ ਚੰਬਾ, ਕਾਂਗੜਾ, ਕੁੱਲੂ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ 20 ਤੋਂ 25 ਜੂਨ ਤੱਕ ਹਿਮਾਚਲ ਪ੍ਰਦੇਸ਼ ਵਿਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਅਨੁਮਾਨਾਂ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ 20 ਜੂਨ ਦੇ ਆਲੇ-ਦੁਆਲੇ ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੇ ਪਹੁੰਚਣ ਦਾ ਅਨੁਮਾਨ ਜਤਾਇਆ ਹੈ। 

ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਵਿਚ ਮੌਸਮ ਨੇ ਕਰਵਟ ਲਈ, ਜਿੱਥੇ ਇਕ ਪਾਸੇ ਉੱਚੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਹੋਈ, ਉੱਥੇ ਹੀ ਮੈਦਾਨੀ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕੀਤਾ। ਬਾਰਾਲਾਚਾ, ਕੁੰਜਮ ਅਤੇ ਰੋਹਤਾਂਗ ਦਰੱਰੇ ਵਰਗੀਆਂ ਥਾਵਾਂ 'ਤੇ ਹਲਕੀ ਬਰਫ਼ਬਾਰੀ ਹੋਈ, ਜਿਸ ਨਾਲ ਪਹਾੜਾਂ 'ਤੇ ਠੰਡਕ ਵਧ ਗਈ। ਇਸ ਤੋਂ ਉਲਟ ਸ਼ਿਮਲਾ, ਹਮੀਰਪੁਰ ਅਤੇ ਊਨਾ ਵਰਗੇ ਸ਼ਹਿਰਾਂ ਵਿਚ ਮੀਂਹ ਪਿਆ, ਜਿਸ ਨੇ ਕਈ ਥਾਵਾਂ 'ਤੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ।

ਬਰਫ਼ਬਾਰੀ ਅਤੇ ਮੀਂਹ ਕਾਰਨ ਪ੍ਰਦੇਸ਼ ਦੇ ਵੱਧ ਤੋਂ ਵੱਧ ਤਾਪਮਾਨ ਵਿਚ ਜ਼ਿਕਰਯੋਗ ਗਿਰਾਵਟ ਆਈ ਹੈ। ਕਈ ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ ਵਿਚ 11 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਮੌਸਮ ਸੁਹਾਵਨਾ ਹੋ ਗਿਆ। ਕੁੱਲੂ ਦੇ ਭੁੰਤਰ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ ਸਭ ਤੋਂ ਵੱਧ 11.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਮਨਾਲੀ ਵਿਚ 8.6 ਡਿਗਰੀ ਸੈਲਸੀਅਸ ਦੀ ਗਿਰਾਵਟ ਵੇਖੀ ਗਈ। ਹਾਲਾਂਕਿ ਪ੍ਰਦੇਸ਼ ਵਿਚ ਸਭ ਤੋਂ ਵੱਧ ਤਾਪਮਾਨ ਊਨਾ ਵਿਚ ਅਜੇ ਵੀ 32.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜਿਸ ਨਾਲ ਰਾਤਾਂ ਠੰਡੀਆਂ ਹੋ ਗਈਆਂ ਹਨ। ਮੌਸਮ ਵਿਚ ਅਚਾਨਕ ਬਦਲਾਅ ਨੇ ਸਥਾਨਕ ਵਾਸੀਆਂ ਅਤੇ ਸੈਲਾਨੀਆਂ ਦੋਹਾਂ ਨੂੰ ਪ੍ਰਭਾਵਿਤ ਕੀਤਾ ਹੈ।
 


author

Tanu

Content Editor

Related News