ਬਰਦਾਸ਼ਤ ਨਹੀਂ ਕਰਾਂਗੇ ਸਨਾਤਨ ਧਰਮ ਦਾ ਅਪਮਾਨ : ਸ਼ਿਵਰਾਜ
Monday, Sep 11, 2023 - 04:43 PM (IST)
ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਾਂਗਰਸ ਦੀਆਂ ਸਹਿਯੋਗੀ ਪਾਰਟੀਆਂ ਸਨਾਤਨ ਧਰਮ ਨੂੰ ਬਦਨਾਮ ਕਰ ਰਹੀਆਂ ਹਨ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਖਰਗੋਨ ਜ਼ਿਲੇ ਦੇ ਸੇਂਧਵਾ ’ਚ ਸ਼ਨੀਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਨ ਆਸ਼ੀਰਵਾਦ ਯਾਤਰਾ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ।
ਸ਼ਿਵਰਾਜ ਨੇ ਦ੍ਰਵਿੜ ਮੁਨੇਤਰ ਕਸ਼ਗਮ (ਦਰਮੁਕ) ਦੇ ਨੇਤਾ ਉਦੈਨਿਧੀ ਸਟਾਲਿਨ ਅਤੇ ਏ ਰਾਜਾ ਦਾ ਨਾਂ ਲਏ ਬਿਨਾਂ ਕਿਹਾ, ‘‘ਸਨਾਤਨ ਧਰਮ ਸਭ ਦੇ ਮੰਗਲ ਅਤੇ ਕਲਿਆਣ ਦੀ ਕਾਮਨਾ ਕਰਦਾ ਹੈ, ਜਦੋਂ ਕਿ ਕੁਝ ਲੋਕ ਸਨਾਤਨ ਧਰਮ ਨੂੰ ਵਾਇਰਸ, ਡੇਂਗੂ, ਮਲੇਰੀਆ ਅਤੇ ਏਡਜ਼ ਕਹਿ ਰਹੇ ਹਨ। ਅੱਜ ਅਸੀਂ ਸਭ ਪ੍ਰਸਤਾਵ ਪਾਸ ਕਰ ਰਹੇ ਹਾਂ ਕਿ ਸਨਾਤਨ ਧਰਮ ਦੀ ਨਿੰਦਾ ਅਤੇ ਅਪਮਾਨ ਨੂੰ ਬਰਦਾਸ਼ਤ ਨਾਂ ਕਰਾਂਗੇ।’’
ਉਨ੍ਹਾਂ ਕਿਹਾ, ‘‘ਅਸੀਂ ਸਭ ਧਰਮਾਂ ਦਾ ਸਨਮਾਨ ਕਰਦੇ ਹਾਂ। ਕੀ ਕੋਈ ਸਨਾਤਨ ਧਰਮ ਦਾ ਅਪਮਾਨ ਬਰਦਾਸ਼ਤ ਕਰੇਗਾ । ਕਾਂਗਰਸ ਦੀ ਰਾਜਨੀਤੀ ’ਚ ਧਰਮ ਨੂੰ ਅਪਮਾਨਿਤ ਕਰਨ ਦੀ ਸਾਜ਼ਿਸ਼ ਨੂੰ ਕਿਸੇ ਵੀ ਕੀਮਤ ’ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।’’ ਸ਼ਿਵਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਪੂਰੀ ਦੁਨੀਆ ਸਨਾਤਨ ਪਰੰਪਰਾਵਾਂ ਨੂੰ ਆਪਣਾ ਰਹੀ ਹੈ ਅਤੇ ‘ਵਸੂਧੈਵ ਕੁਟੁੰਬਕਮ’ ਦੀ ਭਾਵਨਾ ਇਸ ਪਰੰਪਰਾ ਦਾ ਹਿੱਸਾ ਹੈ।