ਜੇਕਰ ਸੱਤਾ ''ਚ ਆਏ ਤਾਂ ਦੇਸ਼ ''ਚ OBC ਦੀ ਸਹੀ ਗਿਣਤੀ ਜਾਣਨ ਲਈ ਕਰਾਵਾਂਗੇ ਜਨਗਣਨਾ: ਰਾਹੁਲ

09/30/2023 3:02:40 PM

ਭੋਪਾਲ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਉਹ ਦੇਸ਼ ਵਿਚ ਹੋਰ ਪਿਛੜਾ ਵਰਗ (OBC) ਦੇ ਲੋਕਾਂ ਦੀ ਸਹੀ ਗਿਣਤੀ ਜਾਣਨ ਲਈ ਜਾਤੀ ਆਧਾਰਿਤ ਜਨਗਣਨਾ ਕਰਵਾਏਗੀ। ਰਾਹੁਲ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਕਾਲਾਪੀਪਲ ਵਿਧਾਨ ਸਭਾ ਖੇਤਰ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਦੇ ਤੁਰੰਤ ਬਾਅਦ ਅਸੀਂ ਸਭ ਤੋਂ ਪਹਿਲਾਂ ਕੰਮ ਦੇਸ਼ ਵਿਚ OBC ਦੀ ਸਹੀ ਗਿਣਤੀ ਜਾਣਨ ਲਈ ਜਾਤੀ ਆਧਾਰਿਤ ਜਨਗਣਨਾ ਕਰਾਵਾਂਗੇ, ਕਿਉਂਕਿ ਕੋਈ ਵੀ ਉਨ੍ਹਾਂ ਦੀ ਸਹੀ ਗਿਣਤੀ ਨਹੀਂ ਜਾਣਦਾ ਹੈ। 

ਰਾਹੁਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਨੂੰ ਕੈਬਨਿਟ ਸਕੱਤਰ ਅਤੇ ਸਕੱਤਰਾਂ ਸਣੇ ਸਿਰਫ 90 ਅਧਿਕਾਰੀ ਚੱਲਾ ਰਹੇ ਹਨ, ਜਦਕਿ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਦੇਸ਼ ਵਿਚ ਨੀਤੀਆਂ ਕਾਨੂੰਨ ਬਣਾਉਣ ਵਿਚ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਚੁਣੇ ਹੋਏ ਮੈਂਬਰਾਂ ਦੀ ਬਜਾਏ ਰਾਸ਼ਟਰੀ ਸਵੈ-ਸੇਵਕ ਸੰਘ (RSS) ਦੇ ਮੈਂਬਰ ਅਤੇ ਨੌਕਰਸ਼ਾਹ ਕਾਨੂੰਨ ਬਣਾ ਰਹੇ ਹਨ। ਰਾਹੁਲ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ 'ਚ ਪਿਛਲੇ 18 ਸਾਲਾਂ ਵਿਚ 18,000 ਕਿਸਾਨਾਂ ਨੇ ਖ਼ੁਦਕੁਸ਼ੀ  ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਦਾ ਮਤਲਬ ਹੈ ਕਿ ਸੂਬੇ ਵਿਚ ਹਰ ਦਿਨ 3 ਕਿਸਾਨ ਆਪਣੀ ਜਾਨ ਦੇ ਰਹੇ ਹਨ।
 


Tanu

Content Editor

Related News