ਕੋਰੋਨਾ ਦੇ ਖ਼ਤਰੇ ਨਾਲ ਨਜਿੱਠਣ ਲਈ ਅਲਰਟ ਮੋਡ ਤੇ ਸਰਕਾਰ, ਕੇਂਦਰੀ ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

12/22/2022 3:36:10 PM

ਨਵੀਂ ਦਿੱਲੀ- ਦੇਸ਼ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਲਈ ਸਰਕਾਰ ਵੀ ਅਲਰਟ ਮੋਡ 'ਤੇ ਹੈ। ਇਸ ਦਰਮਿਆਨ ਸੰਸਦ 'ਚ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕੋਰੋਨਾ ਨੂੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੁਨੀਆ 'ਚ ਕੋਰੋਨਾ ਦੇ ਮਾਮਲੇ ਵਧੇ ਹਨ ਪਰ ਭਾਰਤ 'ਚ ਘੱਟ ਹੋ ਰਹੇ ਹਨ। ਹਾਲਾਂਕਿ ਇਸ ਦਰਮਿਆਨ ਸਾਵਧਾਨੀ ਵਰਤਣੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣ। ਅਸੀਂ ਚੀਨ 'ਚ ਵਧਦੇ ਕੋਵਿਡ ਮਾਮਲਿਆਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੇਖ ਰਹੇ ਹਾਂ। 

ਇਹ ਵੀ ਪੜ੍ਹੋ-  ਰਾਘਵ ਚੱਢਾ ਨੇ ਕੋਰੋਨਾ ਨੂੰ ਲੈ ਕੇ ਜਤਾਈ ਚਿੰਤਾ, ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਬੰਦ ਕਰਨ ਦੀ ਕੀਤੀ ਮੰਗ

ਗਲੋਬਲ ਕੋਵਿਡ ਸਥਿਤੀ 'ਤੇ ਸਾਡੀ ਨਜ਼ਰ-

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਗਲੋਬਲ ਕੋਵਿਡ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ ਅਤੇ ਉਸ ਮੁਤਾਬਕ ਕਦਮ ਚੁੱਕ ਰਹੇ ਹਾਂ। ਸੂਬਿਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਕੋਵਿਡ-19 ਦੇ ਨਵੇਂ ਵੈਰੀਐਂਟ ਦੀ ਸਮੇਂ 'ਤੇ ਪਛਾਣ ਕਰਨ ਲਈ ਜੀਨੋਮ ਸੀਕਵੈਂਸਿੰਗ ਵਧਾਉਣ। ਮਾਂਡਵੀਆ ਮੁਤਾਬਕ ਅਸੀਂ ਕੋਵਿਡ 'ਤੇ ਕੋਈ ਰਾਜਨੀਤੀ ਨਹੀਂ ਕੀਤੀ ਹੈ। ਦੇਸ਼ ਭਰ ਦੇ ਵੱਡੇ ਹਸਪਤਾਲਾਂ 'ਚ ਆਕਸੀਜਨ ਪਲਾਂਟ ਸਥਾਪਿਤ ਕੀਤੇ ਗਏ ਹਨ ਅਤੇ ਚਲਾਏ ਜਾ ਰਹੇ ਹਨ। ਅਸੀਂ ਦੇਸ਼ 'ਚ ਦਵਾਈਆਂ ਦੀ ਲੋੜੀਂਦੀ ਮਾਤਰਾ ਦੀ ਸਮੀਖਿਆ ਕੀਤੀ ਹੈ।

ਇਹ ਵੀ ਪੜ੍ਹੋ- ਤਾਲਾਬੰਦੀ-ਮਾਸਕ ਤੇ ਸਮਾਜਿਕ ਦੂਰੀ, ਕੀ ਫਿਰ ਪਰਤਣਗੇ ਉਹ ਦਿਨ, ਜਾਣੋ ਕੀ ਹੈ ਸਿਹਤ ਮਾਹਰਾਂ ਦੀ ਰਾਏ

ਸੂਬਿਆਂ ਨੂੰ ਸਰਕਾਰ ਨੇ ਦਿੱਤੇ ਨਿਰਦੇਸ਼-

ਕੋਰੋਨਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤ 'ਚ 220 ਕਰੋੜ ਟੀਕੇ ਲਗਾਏ ਗਏ ਹਨ, ਜੋ ਕਿ ਇਕ ਰਿਕਾਰਡ ਹੈ। ਸਰਕਾਰ ਸਾਹਮਣੇ ਆ ਰਹੀਆਂ ਚੁਣੌਤੀਆਂ 'ਤੇ ਕਦਮ ਚੁੱਕ ਰਹੀ ਹੈ। ਇਸ ਦੇ ਲਈ ਸੂਬਿਆਂ ਨੂੰ ਵੀ ਸਲਾਹ ਦਿੱਤੀ ਜਾ ਰਹੀ ਹੈ। ਸੂਬਿਆਂ ਨੂੰ ਜੀਨੋਮ ਸੀਕਵੈਂਸਿੰਗ ਲਈ ਸਲਾਹ ਦਿੱਤੀ ਗਈ ਹੈ, ਤਾਂ ਜੋ ਜੇਕਰ ਦੇਸ਼ 'ਚ ਕੋਈ ਨਵਾਂ ਵੇਰੀਐਂਟ ਆਉਂਦਾ ਹੈ ਤਾਂ ਸਮੇਂ 'ਤੇ ਉਸ ਦੀ ਪਛਾਣ ਕਰਕੇ ਕਦਮ ਚੁੱਕੇ ਜਾ ਸਕਦੇ ਹਨ। ਆਉਣ ਵਾਲੇ ਤਿਉਹਾਰ ਜਿਵੇਂ ਕਿ ਨਵੇਂ ਸਾਲ ਦੇ ਮੱਦੇਨਜ਼ਰ, ਰਾਜਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਮਾਸਕ ਪਹਿਨਣ, ਸੈਨੀਟਾਈਜ਼ਰ ਦੀ ਵਰਤੋਂ ਕਰਨ, ਸਫਾਈ ਦਾ ਧਿਆਨ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਜਾਗਰੂਕਤਾ ਪੈਦਾ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ- 'ਜਾਣਾ ਕਿੱਥੇ ਹੈ' ਦਿੱਲੀ ਹਵਾਈ ਅੱਡੇ ਆ ਕੇ ਭੁੱਲਿਆ ਨੌਜਵਾਨ, 40 ਘੰਟੇ ਬੈਠਾ ਰਿਹਾ ਬੋਰਡਿੰਗ ਗੇਟ ਕੋਲ

ਕੋਰੋਨਾ ਦੇ ਮੱਦੇਨਜ਼ਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਾਰੀ ਕੀਤੀਆਂ ਹਿਦਾਇਤਾਂ

1. ਜਨਤਕ ਥਾਵਾਂ 'ਤੇ ਕਰੋ ਫੇਸ ਮਾਸਕ ਦੀ ਵਰਤੋਂ
2. ਸਮਾਜਿਕ ਦੂਰੀ ਬਣਾਈ ਰੱਖੋ
3. ਨਿਯਮਿਤ ਤੌਰ 'ਤੇ ਹੱਥਾਂ ਨੂੰ ਸਾਬਣ-ਪਾਣੀ ਜਾਂ ਸੈਨੀਟਾਈਜ਼ਰ ਨਾਲ ਸਾਫ਼ ਕਰਦੇ ਰਹੋ
4. ਵਿਆਹ, ਸਿਆਸੀ ਇਕੱਠ ਜਾਂ ਸਮਾਜਿਕ ਮੀਟਿੰਗਾਂ 'ਚ ਜਾਣ ਤੋਂ ਬਚੋ
5. ਅੰਤਰਰਾਸ਼ਟਰੀ ਯਾਤਰਾ ਤੋਂ ਬਚੋ
6. ਬੁਖਾਰ, ਗਲੇ ਵਿੱਚ ਖਰਾਸ਼, ਖੰਘ ਆਦਿ ਵਰਗੇ ਲੱਛਣਾਂ ਦੇ ਮਾਮਲੇ 'ਚ ਡਾਕਟਰ ਨਾਲ ਸੰਪਰਕ ਕਰੋ
7. ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਜ਼ਰੂਰ ਕਰਵਾਓ
8. ਸਮੇਂ-ਸਮੇਂ 'ਤੇ ਜਾਰੀ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰੋ।

PunjabKesari


Tanu

Content Editor

Related News