WB ; ਮਮਤਾ ਦੇ ਉਮੀਦਵਾਰ ਨੇ ਫ਼ਿਰ ਮਾਰੀ ਪਲਟੀ ! ਸਵੇਰੇ ਕਿਹਾ ''ਲੜਾਂਗਾ'', ਦੁਪਹਿਰ ਨੂੰ ਮੁੱਕਰਿਆ
Sunday, Sep 20, 2026 - 05:01 PM (IST)
ਨੈਸ਼ਨਲ ਡੈਸਕ- ਪੱਛਮੀ ਬੰਗਾਲ ਵਿਧਾਨ ਸਭਾ ਦੀ ਰੇਜੀਨਗਰ ਸੀਟ ’ਤੇ 6 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ’ਚ ‘ਮਮਤਾ ਆਲ ਇੰਡੀਆ ਤ੍ਰਿਣਮੂਲ ਕਾਂਗਰਸ’ ਦੇ ਉਮੀਦਵਾਰ ਰਬੀਉਲ ਆਲਮ ਚੌਧਰੀ ਨੇ ਸ਼ਨੀਵਾਰ ਨੂੰ ਇਕ ਨਾਟਕੀ ਘਟਨਾਚੱਕਰ ’ਚ ਚੋਣ ਮੈਦਾਨ ਤੋਂ ਹਟਣ ਦਾ ਐਲਾਨ ਕੀਤਾ ਪਰ ਕੁਝ ਘੰਟਿਆਂ ਤੋਂ ਬਾਅਦ ਹੀ ਕਿਹਾ ਕਿ ਪਾਰਟੀ ਮੁਖੀ ਦੀ ਇੱਛਾ ਅਨੁਸਾਰ ਉਨ੍ਹਾਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਇਹ ਘਟਨਾਚੱਕਰ ਨੰਦੀਗ੍ਰਾਮ ਜ਼ਿਮਨੀ ਚੋਣ ’ਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਦੀ ਉਮੀਦਵਾਰ ਸੰਚਿਤਾ ਪ੍ਰਧਾਨ ਡੇਅ ਅਤੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਦੀ ਬੈਠਕ ਤੋਂ ਬਾਅਦ ਡੇਅ ਵੱਲੋਂ ਆਪਣੀ ਉਮੀਦਵਾਰੀ ਵਾਪਸ ਲੈਣ ਦੇ ਐਲਾਨ ਤੋਂ ਇਕ ਦਿਨ ਬਾਅਦ ਸਾਹਮਣੇ ਆਇਆ।
ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਚੌਧਰੀ ਨੇ ਮੁਰਸ਼ਿਦਾਬਾਦ ਸਥਿਤ ਆਪਣੇ ਘਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜ਼ਮੀਨੀ ਪੱਧਰ ਦੇ ਉਨ੍ਹਾਂ ਵਰਕਰਾਂ ਨੂੰ ਪ੍ਰੇਰਿਤ ਕਰਨਾ ਮੇਰੇ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ, ਜਿਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਹਾ ਹੈ। ਨਾਲ ਹੀ, ਇੰਨੇ ਘੱਟ ਸਮੇਂ ’ਚ ਵੋਟਰਾਂ ਨੂੰ ਨਵੇਂ ‘ਫੁੱਟਬਾਲਰ’ ਚੋਣ ਨਿਸ਼ਾਨ ਤੋਂ ਜਾਣੂ ਕਰਵਾਉਣਾ ਵੀ ਮੁਸ਼ਕਲ ਕੰਮ ਹੈ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਮੈਂ ਕੱਲ ਰਾਤ ਮਮਤਾ ਦੀਦੀ ਨੂੰ ਆਪਣੇ ਫੈਸਲੇ (ਚੋਣ ਨਾ ਲੜਨ) ਬਾਰੇ ਦੱਸ ਦਿੱਤਾ ਸੀ... ਵੇਖਦੇ ਹਾਂ ਕੀ ਹੁੰਦਾ ਹੈ।’’
ਹਾਲਾਂਕਿ ਡੇਢ ਘੰਟੇ ਬਾਅਦ ਹੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ। ਚੌਧਰੀ ਨੇ ਅਚਾਨਕ ਬੁਲਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਮੀਦਵਾਰੀ ਵਾਪਸ ਲੈਣ ਦੇ ਆਪਣੇ ਸ਼ੁਰੂਆਤੀ ਫੈਸਲੇ ਦੇ ਐਲਾਨ ਤੋਂ ਬਾਅਦ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਅਤੇ ਖੁਦ ਮਮਤਾ ਬੈਨਰਜੀ ਨੇ ਉਨ੍ਹਾਂ ਨਾਲ ਗੱਲ ਕੀਤੀ, ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕੀਤਾ ਅਤੇ ਉਸ ਨੂੰ ਵਾਪਸ ਲੈ ਲਿਆ। ਚੌਧਰੀ ਨੇ ਕਿਹਾ, ‘‘ਮੈਂ ਜ਼ਿਮਨੀ ਚੋਣ ਲੜਾਂਗਾ। ਅਸੀਂ ਦੀਦੀ ਦੀ ਪਾਰਟੀ ’ਚ ਹਾਂ ਅਤੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਇਸ ਲਈ ਦੀਦੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੈਂ ਆਪਣੀ ਦਾਅਵੇਦਾਰੀ ’ਤੇ ਕਾਇਮ ਹਾਂ।’’
