Wayanad landslide : ਹੁਣ ਤਕ 123 ਲੋਕਾਂ ਦੀ ਮੌਤ, ਸੈਂਕੜੇ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ
Wednesday, Jul 31, 2024 - 01:57 AM (IST)
ਨੈਸ਼ਨਲ ਡੈਸਕ : ਕੇਰਲ ਦੇ ਪਹਾੜੀ ਵਾਇਨਾਡ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਤੋਂ ਬਾਅਦ ਮੰਗਲਵਾਰ ਤੜਕੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 123 ਹੋ ਗਈ ਹੈ ਜਦਕਿ 98 ਤੋਂ ਵੱਧ ਲੋਕ ਲਾਪਤਾ ਹਨ। ਮਲਬੇ ਹੇਠ ਸੈਂਕੜੇ ਲੋਕਾਂ ਦੇ ਜ਼ਮੀਨ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲੇ 34 ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ 18 ਲਾਸ਼ਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਕੇਰਲ ਦੇ ਮੁੱਖ ਮੰਤਰੀ ਵਿਜਯਨ ਨੇ ਕਿਹਾ, "ਵਾਇਨਾਡ ਵਿਚ ਫਾਇਰ ਫੋਰਸ ਦੇ 321 ਮੈਂਬਰ ਤਾਇਨਾਤ ਕੀਤੇ ਗਏ ਹਨ। ਫੌਜ ਦੀਆਂ ਸੇਵਾਵਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ। ਇਕ 60 ਮੈਂਬਰੀ ਐੱਨਡੀਆਰਐੱਫ ਦੀ ਟੀਮ ਵਾਇਨਾਡ ਪਹੁੰਚ ਗਈ ਹੈ ਅਤੇ ਇਕ 89 ਮੈਂਬਰੀ ਟੀਮ ਬੈਂਗਲੁਰੂ ਤੋਂ ਰਸਤੇ ਵਿਚ ਹੈ। ਆਫ਼ਤ ਦੀ ਸੂਚਨਾ ਮਿਲਣ 'ਤੇ ਪ੍ਰਧਾਨ ਮੰਤਰੀ ਅਤੇ ਰਾਹੁਲ ਗਾਂਧੀ ਨੇ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਇਸ ਸੰਕਟ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਾਂਗੇ।
ਇਹ ਵੀ ਪੜ੍ਹੋ : ਰਾਂਚੀ 'ਚ ਦਰਦਨਾਕ ਹਾਦਸਾ; ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ, ਕਈ ਝੁਲਸੇ
ਵਿਜਯਨ ਨੇ ਕਿਹਾ ਕਿ ਅਸੀਂ ਜ਼ਖਮੀਆਂ ਦੇ ਬਿਹਤਰ ਇਲਾਜ ਦੇ ਪ੍ਰਬੰਧ ਕੀਤੇ ਹਨ। ਕਈ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਅਸੀਂ ਵਾਇਨਾਡ ਵਿਚ 45 ਰਾਹਤ ਕੈਂਪ ਅਤੇ ਰਾਜ ਭਰ ਵਿਚ ਕੁੱਲ 118 ਕੈਂਪ ਖੋਲ੍ਹੇ ਹਨ, ਜਿਨ੍ਹਾਂ ਵਿਚ 5,531 ਲੋਕ ਰਹਿੰਦੇ ਹਨ। ਫਾਇਰ ਫੋਰਸ, ਐੱਨਡੀਆਰਐੱਫ ਅਤੇ ਪੁਲਸ ਮਿਲ ਕੇ ਕੰਮ ਕਰ ਰਹੇ ਹਨ। ਫੌਜ ਅਤੇ ਜਲ ਸੈਨਾ ਦੀਆਂ ਵੱਖ-ਵੱਖ ਟੁਕੜੀਆਂ ਬਚਾਅ ਕਾਰਜਾਂ ਵਿਚ ਤਾਲਮੇਲ ਕਰ ਰਹੀਆਂ ਹਨ।
ਇਸ ਦੌਰਾਨ ਫੌਜ ਦਾ ਜਹਾਜ਼ ਬਚਾਅ ਦਲ ਦੇ ਨਾਲ ਵਾਇਨਾਡ ਪਹੁੰਚ ਗਿਆ ਹੈ। ਤ੍ਰਿਵੇਂਦਰਮ ਦੇ ਰੱਖਿਆ ਬੁਲਾਰੇ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਵਾਇਨਾਡ ਵਿਚ ਆਫ਼ਤ ਰਾਹਤ ਟੀਮਾਂ ਤਾਇਨਾਤ ਕੀਤੀਆਂ ਹਨ, ਜਿੱਥੇ ਅੱਜ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਜ਼ਮੀਨ ਖਿਸਕਣ ਕਾਰਨ 106 ਲੋਕਾਂ ਦੀ ਜਾਨ ਚਲੀ ਗਈ। ਕੇਰਲ ਦੀ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੀ ਟੀਮ ਵੀ ਬਚਾਅ ਕਾਰਜਾਂ ਵਿਚ ਮਦਦ ਕਰੇਗੀ। ਜਾਰਜ ਨੇ ਕਿਹਾ ਕਿ ਮਲੱਪੁਰਮ ਦੇ ਨੀਲਾਂਬੁਰ ਖੇਤਰ ਵਿਚ ਇਕ ਪੁਲ ਵੀ ਵਹਿ ਗਿਆ ਹੈ। ਉਨ੍ਹਾਂ ਕਿਹਾ, "ਲਗਭਗ 70 ਲੋਕ ਜ਼ਖਮੀ ਵੀ ਹੋਏ ਹਨ। ਅਸੀਂ ਜ਼ਖਮੀਆਂ ਦਾ ਸਹੀ ਇਲਾਜ ਯਕੀਨੀ ਬਣਾਇਆ ਹੈ।"
ਪੀਐੱਮ ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸੰਕਟ ਨਾਲ ਨਜਿੱਠਣ ਲਈ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਜ਼ਮੀਨ ਖਿਸਕਣ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8