ਰਾਹੁਲ ਗਾਂਧੀ ਲਈ ਅੱਗੇ ਦਾ ਰਾਹ ਔਖਾ, ਭਵਿੱਖ ਅਨਿਸ਼ਚਿਤ
Saturday, Dec 07, 2024 - 11:05 AM (IST)
ਨਵੀਂ ਦਿੱਲੀ- ਹਰਿਆਣਾ ਅਤੇ ਮਹਾਰਾਸ਼ਟਰ ਵਿਚ ਲਗਾਤਾਰ 2 ਸ਼ਰਮਨਾਕ ਹਾਰਾਂ ਰਾਹੁਲ ਗਾਂਧੀ ਲਈ ਚਿੰਤਾ ਦਾ ਕਾਰਨ ਹਨ। ਫਰਵਰੀ 2025 ਦੇ ਸ਼ੁਰੂ ਵਿਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਆਪਣੀ ਮੌਜੂਦਗੀ ਦਰਜ ਕਰਾਉਣ ਦੀ ਕੋਈ ਉਮੀਦ ਨਹੀਂ ਹੈ। ਜੂਨ 2024 ਵਿਚ ਲੋਕ ਸਭਾ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪਾਰਟੀ 7ਵੇਂ ਆਸਮਾਨ ’ਤੇ ਸੀ। ਉਸ ਨੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਵਿਚ ‘ਆਪ’ ਨਾਲ ਗੱਠਜੋੜ ਕੀਤਾ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਵਿਵਸਥਾ ਆਉਣ ਵਾਲੇ ਸਾਲਾਂ ਵਿਚ ਵੀ ਜਾਰੀ ਰਹੇਗੀ ਪਰ ਕਾਂਗਰਸ ਅਣਇਛੁੱਕ ਹੋ ਗਈ ਅਤੇ ਹੁਣ ‘ਆਪ’ ਦੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ। ਸ਼ਾਇਦ ਮਹਾਰਾਸ਼ਟਰ ’ਚ ਹਾਰ ਤੋਂ ਬਾਅਦ ਬਦਲੇ ਸਿਆਸੀ ਮਾਹੌਲ ’ਚ ‘ਸੀਟਾਂ ਦੇ ਤਾਲਮੇਲ’ ਦੀ ਗੁੰਜਾਇਸ਼ ਹੋਵੇ।
ਅਜਿਹੀਆਂ ਖਬਰਾਂ ਹਨ ਕਿ ਦਿੱਲੀ ਵਿਚ ਮੁੜ ਉਭਰ ਰਹੀ ਭਾਜਪਾ ਬਾਜ਼ੀ ਪਲਟ ਸਕਦੀ ਹੈ, ਜਿੱਥੇ 40 ਕਰੋੜ ਰੁਪਏ ਦਾ ‘ਸ਼ੀਸ਼ ਮਹਿਲ’ (ਨਵਾਂ ਮੁੱਖ ਮੰਤਰੀ ਬੰਗਲਾ) ਕੇਜਰੀਵਾਲ ਲਈ ਮਹਿੰਗਾ ਸਾਬਤ ਹੋ ਸਕਦਾ ਹੈ। ਕਾਂਗਰਸ ਜਾਣਦੀ ਹੈ ਕਿ ਬਿਹਾਰ ਵਿਚ ਵੀ ਉਸ ਦਾ ਕੋਈ ਮਜ਼ਬੂਤ ਆਧਾਰ ਨਹੀਂ ਹੈ ਅਤੇ ਉਹ ਰਾਜਦ ’ਤੇ ਨਿਰਭਰ ਹੈ, ਜੋ ਆਪਣੀਆਂ ਕਾਨੂੰਨੀ ਸਮੱਸਿਆਵਾਂ ਨਾਲ ਜੂਝ ਰਹੀ ਹੈ। ਬਿਹਾਰ ਵਿਧਾਨ ਸਭਾ ਚੋਣਾਂ ਨਵੰਬਰ 2025 ਵਿਚ ਹੋਣੀਆਂ ਹਨ ਅਤੇ ਰਾਜਗ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਿਹਾ ਹੈ।
ਭਾਜਪਾ ਨੇ ਸੂਬੇ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਸਮਝੌਤਾ ਕਰ ਲਿਆ ਹੈ। ਇਹ ਸਭ ਰਾਹੁਲ ਗਾਂਧੀ ਲਈ ਇਕ ਸਮੱਸਿਆ ਬਣ ਗਿਆ ਹੈ ਕਿਉਂਕਿ ਮਾਰਚ 2026 ਵਿਚ ਆਸਾਮ ਵਿਚ ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ ਹੋਣਗੀਆਂ। ਆਸਾਮ ਵਿਚ ਕਾਂਗਰਸ ਵਰਕਰ ਅਤੇ ਮੱਧ-ਪੱਧਰ ਦੇ ਨੇਤਾ ਚਿੰਤਤ ਹਨ ਕਿਉਂਕਿ ਪਾਰਟੀ ਨੂੰ ਭਾਜਪਾ ਖਿਲਾਫ ਇਸੇ ਤਰ੍ਹਾਂ ਦੀ ਕਿਸਮਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਆਸਾਮ ਕਾਂਗਰਸ ਅੰਦਰ ਅੰਦਰੂਨੀ ਕਲੇਸ਼ ਅਤੇ ਰਾਹੁਲ ਗਾਂਧੀ ਵੱਲੋਂ ਸਮੇਂ ’ਤੇ ਜਿੱਤ ਦੀ ਰਣਨੀਤੀ ਤਿਆਰ ਨਾ ਕਰ ਸਕਣ ਕਾਰਨ ਪਾਰਟੀ ਦੀ ਸੂਬੇ ਵਿਚ ਹਾਰ ਹੋ ਸਕਦੀ ਹੈ। ਤਾਮਿਲਨਾਡੂ, ਪੁਡੂਚੇਰੀ, ਪੱਛਮੀ ਬੰਗਾਲ ਅਤੇ ਕੇਰਲ ਵਿਚ ਕਾਂਗਰਸ ਭਾਜਪਾ ਨਾਲ ਸਿੱਧੀ ਲੜਾਈ ਵਿਚ ਸ਼ਾਮਲ ਨਹੀਂ ਹੈ। ਇਨ੍ਹਾਂ ਸੂਬਿਆਂ ਵਿਚ ਵੀ ਅਪ੍ਰੈਲ-ਮਈ 2026 ਵਿਚ ਚੋਣਾਂ ਹੋਣਗੀਆਂ।