ਟ੍ਰਿਗਰ ਹੋਇਆ, ਧੂੰਆਂ ਉੱਠਿਆ ਤੇ ਫੱਟ ਗਿਆ ਬੰਬ... ਦੇਖੋ ਰੋਹਿਣੀ ਧਮਾਕੇ ਦੀ ਵੀਡੀਓ

Sunday, Oct 20, 2024 - 06:42 PM (IST)

ਨਵੀਂ ਦਿੱਲੀ : ਦਿੱਲੀ 'ਚ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਐਤਵਾਰ ਸਵੇਰੇ CRPF ਸਕੂਲ ਦੇ ਕੋਲ ਜ਼ਬਰਦਸਤ ਧਮਾਕਾ ਹੋਇਆ, ਹਾਲਾਂਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਰੋਹਿਣੀ ਦੇ ਸੈਕਟਰ-14 ਸਥਿਤ ਸੀਆਰਪੀਐੱਫ ਸਕੂਲ ਨੇੜੇ ਸਵੇਰੇ 7.50 ਵਜੇ ਹੋਇਆ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤਾ ਤੇ ਪੁਲਸ ਦੀ ਫੋਰੈਂਸਿਕ ਟੀਮ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੌਕੇ 'ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਪੁਲਸ ਨੇ ਦੱਸਿਆ ਕਿ ਧਮਾਕੇ 'ਚ ਸਕੂਲ ਦੀ ਕੰਧ, ਨੇੜੇ ਦੀਆਂ ਦੁਕਾਨਾਂ ਅਤੇ ਇਕ ਕਾਰ ਨੂੰ ਨੁਕਸਾਨ ਪਹੁੰਚਿਆ ਹੈ। ਮੌਕੇ 'ਤੇ ਧੂੰਏਂ ਦਾ ਬੱਦਲ ਉੱਠਦਾ ਦੇਖਿਆ ਗਿਆ।

ਧਮਾਕੇ ਤੋਂ ਬਾਅਦ ਦੀ ਇੱਕ ਕਥਿਤ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੰਧ ਦੇ ਨੇੜੇ ਟ੍ਰਿਗਰ ਹੋਇਆ, ਥੋੜਾ ਜਿਹਾ ਧੂੰਆਂ ਉੱਠਿਆ ਅਤੇ ਫਿਰ ਜ਼ੋਰਦਾਰ ਧਮਾਕਾ ਹੋਇਆ। ਦਿੱਲੀ ਪੁਲਸ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਲਈ ਮੋਬਾਈਲ ਨੈੱਟਵਰਕ ਡਾਟਾ ਇਕੱਠਾ ਕਰ ਰਹੇ ਹਨ ਕਿ ਧਮਾਕੇ ਦੇ ਸਮੇਂ ਨੇੜੇ-ਤੇੜੇ ਕੌਣ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਧਮਾਕਾ ਕਿਸੇ ਦੇਸੀ ਬੰਬ ਨਾਲ ਹੋਇਆ ਹੋ ਸਕਦਾ ਹੈ। ਫੋਰੈਂਸਿਕ ਮਾਹਿਰਾਂ ਨੇ ਸੀਆਰਪੀਐੱਫ ਸਕੂਲ ਦੇ ਬਾਹਰਲੇ ਖੇਤਰ ਦਾ ਮੁਆਇਨਾ ਕੀਤਾ, ਮੌਕੇ ਤੋਂ ਸ਼ੱਕੀ 'ਚਿੱਟਾ ਪਾਊਡਰ' ਬਰਾਮਦ ਕੀਤਾ ਅਤੇ ਇਸ ਨੂੰ ਜਾਂਚ ਲਈ ਲੈਬਾਰਟਰੀ ਭੇਜ ਦਿੱਤਾ। ਉਨ੍ਹਾਂ ਨੇ ਸਕੂਲ ਦੀ ਚਾਰਦੀਵਾਰੀ ਕੋਲ ਟੋਆ ਪੁੱਟ ਕੇ ਮਿੱਟੀ ਦੇ ਨਮੂਨੇ ਵੀ ਲਏ ਹਨ।

ਐੱਨਐੱਸਜੀ ਅਧਿਕਾਰੀਆਂ ਨੇ ਘਟਨਾ ਸਥਾਨ ਤੋਂ ਬਰਾਮਦ ਹੋਈ ਕੁਝ ਸਮੱਗਰੀ ਵੀ ਜਾਂਚ ਲਈ ਭੇਜ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਇਹ ਵਿਸਫੋਟਕ ਕਿਸਮ ਦਾ ਹੈ ਜਾਂ ਕੁਝ ਹੋਰ, ਇਹ ਉਦੋਂ ਹੀ ਪਤਾ ਲੱਗੇਗਾ ਜਦੋਂ ਅਸੀਂ ਇਸ ਦੀ ਬਾਰੀਕੀ ਨਾਲ ਜਾਂਚ ਕਰਾਂਗੇ। ਸਾਨੂੰ ਸ਼ੱਕ ਹੈ ਕਿ ਧਮਾਕਾ ਕਿਸੇ ਦੇਸੀ ਬੰਬ ਨਾਲ ਹੋਇਆ ਹੋ ਸਕਦਾ ਹੈ।'' ਅਧਿਕਾਰੀ ਨੇ ਕਿਹਾ, ''ਐੱਨਐੱਸਜੀ, ਐੱਨਆਈਏ ਅਤੇ ਦਿੱਲੀ ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਤਿਉਹਾਰ ਨੂੰ ਲੈ ਕੇ ਦਿੱਲੀ ਪੁਲਸ ਪਹਿਲਾਂ ਹੀ ਹਾਈ ਅਲਰਟ 'ਤੇ ਹੈ। ਪੁਲਸ ਨੇ ਇਸ ਘਟਨਾ ਦੇ ਸਬੰਧ 'ਚ ਵਿਸਫੋਟਕ ਐਕਟ ਦੇ ਤਹਿਤ ਐੱਫਆਈਆਰ ਦਰਜ ਕਰ ਲਈ ਹੈ।'' ਸੂਚਨਾ ਮਿਲਣ ਤੋਂ ਬਾਅਦ ਅਪਰਾਧ ਸ਼ਾਖਾ ਅਤੇ ਸਪੈਸ਼ਲ ਸੈੱਲ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਮੌਜੂਦ ਹਨ।

ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਨੇ ਕਿਹਾ ਕਿ ਉਨ੍ਹਾਂ ਨੂੰ ਸੀਆਰਪੀਐੱਫ ਸਕੂਲ ਦੀ ਚਾਰਦੀਵਾਰੀ ਨੇੜੇ ਧਮਾਕੇ ਦੀ ਸੂਚਨਾ ਮਿਲੀ ਸੀ। ਡੀਐੱਫਐੱਸ ਅਧਿਕਾਰੀਆਂ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ, ਅਸੀਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਮੌਕੇ 'ਤੇ ਭੇਜਿਆ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਕਾਰਨ ਕੋਈ ਅੱਗ ਨਹੀਂ ਲੱਗੀ ਅਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ, ਇਸ ਲਈ ਸਾਡੀ ਫੋਰੈਂਸਿਕ ਟੀਮ ਅਤੇ ਕ੍ਰਾਈਮ ਯੂਨਿਟ ਮੌਕੇ 'ਤੇ ਮੌਜੂਦ ਹਨ। ਧਮਾਕਾ ਪਟਾਕੇ ਨਾਲ ਹੋਇਆ ਹੋ ਸਕਦਾ ਹੈ, ਪਰ ਅਸੀਂ ਮਾਮਲੇ ਦੀ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ।

ਪੁਲਸ ਨੇ ਦੱਸਿਆ ਕਿ ਉਹ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ। ਪੁਲਸ ਨੇ ਇੱਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੂੰ ਸਵੇਰੇ 7.47 ਵਜੇ ਇੱਕ ਜ਼ੋਰਦਾਰ ਧਮਾਕੇ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ, ''ਵਿਸਫੋਟ ਕਾਰਨ ਸਕੂਲ ਦੀ ਕੰਧ ਨੁਕਸਾਨੀ ਗਈ ਸੀ ਅਤੇ ਇਸ ਤੋਂ ਬਦਬੂ ਆ ਰਹੀ ਸੀ। ਮੌਕੇ 'ਤੇ ਪ੍ਰਸ਼ਾਂਤ ਵਿਹਾਰ ਥਾਣਾ ਇੰਚਾਰਜ ਅਤੇ ਹੋਰ ਕਰਮਚਾਰੀ ਮੌਜੂਦ ਹਨ। ਨੇੜਲੀ ਦੁਕਾਨ ਦੇ ਸ਼ੀਸ਼ੇ ਅਤੇ ਨੇੜੇ ਖੜ੍ਹੀ ਇੱਕ ਕਾਰ ਨੁਕਸਾਨੀ ਗਈ। ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ।


Baljit Singh

Content Editor

Related News