ਵਕਫ ਬਿੱਲ ਸੰਵਿਧਾਨ ’ਤੇ ਹਮਲਾ : ਸੋਨੀਆ ਗਾਂਧੀ

Friday, Apr 04, 2025 - 10:29 AM (IST)

ਵਕਫ ਬਿੱਲ ਸੰਵਿਧਾਨ ’ਤੇ ਹਮਲਾ : ਸੋਨੀਆ ਗਾਂਧੀ

ਨਵੀਂ ਦਿੱਲੀ- ਕਾਂਗਰਸ ਸੰਸਦੀ ਦਲ (ਸੀ. ਪੀ. ਪੀ.) ਦੀ ਮੁਖੀ ਸੋਨੀਆ ਗਾਂਧੀ ਨੇ ਸਰਕਾਰ ’ਤੇ ਵਕਫ ਸੋਧ ਬਿੱਲ ਨੂੰ ਲੋਕ ਸਭਾ ’ਚ ਮਨਮਾਨੇ ਢੰਗ ਨਾਲ ਪਾਸ ਕਰਾਉਣ ਦਾ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਕਿ ਇਹ ਬਿੱਲ ਸੰਵਿਧਾਨ ’ਤੇ ਸ਼ਰੇਆਮ ਹਮਲਾ ਹੈ ਅਤੇ ਇਹ ਸਮਾਜ ਨੂੰ ਸਥਾਈ ਧਰੁਵੀਕਰਨ ਦੀ ਸਥਿਤੀ ’ਚ ਬਣਾਈ ਰੱਖਣ ਦੀ ਭਾਜਪਾ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ। ਉਨ੍ਹਾਂ ਸੰਸਦ ਭਵਨ ਕੰਪਲੈਕਸ ’ਚ ਹੋਈ ਸੀ. ਪੀ. ਪੀ. ਦੀ ਬੈਠਕ ’ਚ ‘ਇਕ ਰਾਸ਼ਟਰ, ਇਕ ਚੋਣ’ ਸਬੰਧੀ ਬਿੱਲ, ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ, ਭਾਰਤ ਦੇ ਗੁਆਂਢੀ ਦੇਸ਼ਾਂ ਦੀ ਰਾਜਨੀਤਕ ਸਥਿਤੀ, ਸੰਸਦ ’ਚ ਡੈੱਡਲਾਕ, ਵਿਰੋਧੀ ਧਿਰ ਦੇ ਨੇਤਾਵਾਂ ਨੂੰ ‘ਬੋਲਣ ਦੀ ਆਗਿਆ ਨਾ ਦਿੱਤੇ ਜਾਣ’ ਅਤੇ ਕਈ ਹੋਰ ਵਿਸ਼ਿਆਂ ਨੂੰ ਲੈ ਕੇ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ।

ਸੋਨੀਆ ਗਾਂਧੀ ਨੇ ਕਿਹਾ, “ਇਹ ਸਾਡੇ ਲੋਕਤੰਤਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦੀ ਆਗਿਆ ਨਹੀਂ ਮਿਲ ਰਹੀ ਹੈ। ਇਸੇ ਤਰ੍ਹਾਂ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ (ਮਲਿਕਾਰਜੁਨ) ਖੜਗੇ ਜੀ ਨੂੰ ਵਾਰ-ਵਾਰ ਬੇਨਤੀ ਦੇ ਬਾਵਜੂਦ ਉਹ ਕਹਿਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ, ਜੋ ਉਹ ਕਹਿਣਾ ਚਾਹੁੰਦੇ ਹਨ। ਤੁਹਾਡੇ ਵਾਂਗ ਮੈਂ ਵੀ ਇਸ ਦੀ ਗਵਾਹ ਰਹੀ ਹਾਂ ਕਿ ਕਿਵੇਂ ਸਦਨ ਦੀਆਂ ਕਾਰਵਾਈਆਂ ਸਾਡੀ ਵਜ੍ਹਾ ਨਾਲ ਨਹੀਂ, ਸਗੋਂ ਖੁਦ ਸੱਤਾ ਧਿਰ ਦੇ ਵਿਰੋਧ ਕਾਰਨ ਮੁਲਤਵੀ ਹੁੰਦੀਆਂ ਹਨ।’’


author

Tanu

Content Editor

Related News