ਹਿਮਾਚਲ ਪ੍ਰਦੇਸ਼ ''ਚ ਰਾਜ ਸਭਾ ਸੀਟ ਲਈ 31 ਮਾਰਚ ਨੂੰ ਹੋਵੇਗੀ ਵੋਟਿੰਗ
Tuesday, Mar 15, 2022 - 10:05 AM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ 2 ਅਪ੍ਰੈਲ ਨੂੰ ਖ਼ਾਲੀ ਹੋ ਰਹੀ ਰਾਜ ਸਭਾ ਸੀਟ ਲਈ 31 ਮਾਰਚ ਨੂੰ ਵੋਟਿੰਗ ਹੋਵੇਗੀ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਸੂਬੇ ਤੋਂ ਰਾਜ ਸਭਾ ਦੀ ਇਕ ਸੀਟ ਲਈ ਚੋਣ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਕੀਤੀ। ਮੌਜੂਦਾ ਰਾਜ ਸਭਾ ਮੈਂਬਰ ਆਨੰਦ ਸ਼ਰਮਾ ਦਾ ਕਾਰਜਕਾਲ 2 ਅਪ੍ਰੈਲ ਨੂੰ ਖ਼ਤਮ ਹੋ ਜਾਵੇਗਾ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਕੱਤਰ ਸਹਿ ਚੋਣ ਅਧਿਕਾਰੀ ਯਸ਼ ਪਾਲ ਸ਼ਰਮਾ ਨੇ ਦੱਸਿਆ ਕਿ ਰਾਜ ਦੇ ਵਿਧਾਇਕ ਨਵੇਂ ਰਾਜ ਸਭਾ ਮੈਂਬਰ ਦੀ ਚੋਣ ਲਈ 31 ਮਾਰਚ ਨੂੰ ਵੋਟਿੰਗ ਕਰਨਗੇ।
ਸ਼ਰਮਾ ਨੇ ਦੱਸਿਆ ਕਿ ਉਮੀਦਵਾਰ 21 ਮਾਰਚ ਤੱਕ ਚੋਣ ਅਧਿਕਾਰੀ (ਸਕੱਤਰ, ਹਿਮਾਚਲ ਪ੍ਰਦੇਸ਼ ਵਿਧਾਨ ਸਭਾ) ਜਾਂ ਸਹਾਇਕ ਚੋਣ ਅਧਿਕਾਰੀ (ਉੱਪ ਸਕੱਤਰ, ਵਿਧਾਨ, ਹਿਮਾਚਲ ਪ੍ਰਦੇਸ਼ ਵਿਧਾਨ ਸਭਾ) ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਛੰਟਨੀ 22 ਮਾਰਚ ਨੂੰ ਦੁਪਹਿਰ 11 ਵਜੇ ਹੋਵੇਗੀ ਅਤੇ ਉਮੀਦਵਾਰ 24 ਮਾਰਚ ਨੂੰ ਦੁਪਹਿਰ 3 ਵਜੇ ਤੋਂ ਪਹਿਲਾਂ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਿੰਗ 31 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਹੋਵੇਗੀ।