ਵਿਸ਼ਾਖਾਪਟਨਮ ''ਚ ਗੈਸ ਲੀਕ ਘਟਨਾ ਪਰੇਸ਼ਾਨ ਕਰਨ ਵਾਲੀ, ਸਥਿਤੀ ''ਤੇ ਨਜ਼ਰ ਰੱਖ ਰਹੇ ਹਾਂ : ਸ਼ਾਹ
Thursday, May 07, 2020 - 12:13 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਰਸਾਇਣਕ ਪਲਾਂਟ ਤੋਂ ਵੀਰਵਾਰ ਨੂੰ ਹੋਈ ਗੈਸ ਲੀਕ ਨੂੰ ਪਰੇਸ਼ਾਨ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਕੇਂਦਰ ਸਰਕਾਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਸ਼ਾਹ ਨੇ ਕਿਹਾ ਕਿ ਉਹ ਵਿਸ਼ਾਖਾਪਟਨਮ ਦੇ ਲੋਕਾਂ ਦੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਨ। ਗ੍ਰਹਿ ਮੰਤਰੀ ਨੇ ਟਵੀਟ ਕੀਤਾ,''ਵਿਸ਼ਾਖਾਪਟਨਮ ਦੀ ਘਟਨਾ ਪਰੇਸ਼ਾਨ ਕਰਨ ਵਾਲੀ ਹੈ। ਐੱਨ.ਡੀ.ਐੱਮ.ਏ. ਦੇ ਅਫਸਰਾਂ ਅਤੇ ਸੰਬੰਧਤ ਅਧਿਕਰਾਈਆਂ ਨਾਲ ਗੱਲ ਕੀਤੀ ਹੈ। ਅਸੀਂ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ।''
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਨਾਲ ਗੱਲ ਕੀਤੀ ਹੈ ਅਤੇ ਪੁਲਸ ਡਾਇਰੈਕਟਰ ਜਨਰਲ ਨੂੰ ਹਾਲਾਤ ਦਾ ਜਾਇਜ਼ਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਰੈੱਡੀ ਨੇ ਰਾਸ਼ਟਰੀ ਆਫਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਟੀਮਾਂ ਨੂੰ ਪੀੜਤਾਂ ਨੂੰ ਜ਼ਰੂਰੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨਾਂ ਨੇ ਕਿਹਾ,''ਮੈਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹਾਂ। ਵਿਸ਼ਾਖਾਪਟਨਮ 'ਚ ਮੰਦਭਾਗੀ ਘਟਨਾ ਨਾਲ ਸੈਂਕੜੇ ਲੋਕ ਪ੍ਰਭਾਵਿਤ ਹੋਏ ਹਨ।'' ਵਿਸ਼ਾਖਾਪਟਨਮ ਦੇ ਗੋਲਾਪਤਨਮ 'ਚ ਸਥਿਤ ਐੱਲ.ਜੀ. ਪਾਲਿਮਜਰਸ ਰਸਾਇਣਕ ਪਲਾਂਟ ਤੋਂ ਹੋਈ ਗੈਸ ਲੀਕ ਕਾਰਨ ਇਕ 8 ਸਾਲ ਦੇ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵਧ ਲੋਕ ਹਸਪਤਾਲ 'ਚ ਭਰਤੀ ਕਰਵਾਏ ਗਏ ਹਨ।