ਮੁਰਸ਼ਿਦਾਬਾਦ ’ਚ ਵਕਫ਼ ਕਾਨੂੰਨ ਦੇ ਵਿਰੋਧ ’ਚ ਮੁੜ ਭੜਕੀ ਹਿੰਸਾ

Friday, Apr 11, 2025 - 11:43 PM (IST)

ਮੁਰਸ਼ਿਦਾਬਾਦ ’ਚ ਵਕਫ਼ ਕਾਨੂੰਨ ਦੇ ਵਿਰੋਧ ’ਚ ਮੁੜ ਭੜਕੀ ਹਿੰਸਾ

ਕੋਲਕਾਤਾ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿਚ ਇਕ ਵਾਰ ਮੁੜ ਤੋਂ ਵਕਫ਼ ਐਕਟ ਵਿਰੁੱਧ ਹਿੰਸਾ ਭੜਕ ਉੱਠੀ। ਕੁਝ ਪ੍ਰਦਰਸ਼ਨਕਾਰੀਆਂ ਨੇ ਨਿਮਟੀਟਾ ਰੇਲਵੇ ਸਟੇਸ਼ਨ ’ਤੇ ਹਿੰਸਕ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਕ ਰੇਲਗੱਡੀ ’ਤੇ ਪੱਥਰਬਾਜ਼ੀ ਕੀਤੀ। ਹਿੰਸਾ ਕਾਰਨ ਕਈ ਰੇਲਗੱਡੀਆਂ ਨੂੰ ਡਾਇਵਰਟ ਅਤੇ 2 ਨੂੰ ਰੱਦ ਕਰ ਦਿੱਤਾ ਗਿਆ।

ਹਿੰਸਾ ਅਤੇ ਸਾੜਫੂਕ ਦੇ ਮੱਦੇਨਜ਼ਰ ਮੁਰਸ਼ਿਦਾਬਾਦ ਦੇ ਕੁਝ ਇਲਾਕਿਆਂ ਵਿਚ ਬੀ. ਐੱਸ. ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ। ਭਾਰਤੀ ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਨਿਊ ਫਰੱਕਾ-ਅਜ਼ੀਮਗੰਜ ਰੇਲ ਸੈਕਸ਼ਨ ’ਤੇ ਰੇਲ ਆਵਾਜਾਈ ’ਚ ਵਿਘਨ ਪਿਆ। ਲੱਗਭਗ 5000 ਪ੍ਰਦਰਸ਼ਨਕਾਰੀਆਂ ਨੇ ਰੇਲਵੇ ਟਰੈਕ ’ਤੇ ਕਬਜ਼ਾ ਕਰ ਲਿਆ ਹੈ।

ਕੋਲਕਾਤਾ ’ਚ ਵੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਆਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਵਿਚ ਹਿੱਸਾ ਲੈਂਦੇ ਹੋਏ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ। ਮੁਸਲਿਮ ਸੰਗਠਨਾਂ ਨੇ ਵੀ ਵਿਦਿਆਰਥੀਆਂ ਦਾ ਸਮਰਥਨ ਕੀਤਾ। ਰੈਲੀ ਵਿਚ ਹਿੱਸਾ ਲੈਣ ਵਾਲੇ ਇਕ ਵਿਦਿਆਰਥੀ ਨੇ ਕਿਹਾ ਕਿ ਭਾਜਪਾ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਗੱਲ ਕਰ ਰਹੀ ਹੈ ਪਰ ਇਕ ਭਾਈਚਾਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

ਇਸ ਦੌਰਾਨ, ਸ਼੍ਰੀਨਗਰ ਵਿਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੇ ਵਰਕਰਾਂ ਨੇ ਸ਼ੁੱਕਰਵਾਰ ਸਵੇਰੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਨੇ ਪਾਰਟੀ ਦਫ਼ਤਰ ਦੇ ਬਾਹਰ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ। ਇਹ ਵਿਰੋਧ ਪ੍ਰਦਰਸ਼ਨ ਪੀ. ਡੀ. ਪੀ. ਦੇ ਜਨਰਲ ਸਕੱਤਰ ਖੁਰਸ਼ੀਦ ਆਲਮ ਦੀ ਅਗਵਾਈ ਹੇਠ ਕੀਤਾ ਗਿਆ। ਪੀ. ਡੀ. ਪੀ. ਕਾਰਕੁੰਨ ਨਵੇਂ ਵਕਫ਼ ਕਾਨੂੰਨ ਦੇ ਵਿਰੋਧ ਵਿਚ ਸ਼ਹਿਰ ਦੇ ਕੇਂਦਰ ਵੱਲ ਮਾਰਚ ਕਰਨਾ ਚਾਹੁੰਦੇ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ।

ਇਸ ਦੌਰਾਨ ਮਣੀਪੁਰ ਵਿਚ ਇੰਫਾਲ ਦੇ ਕਈ ਇਲਾਕਿਆਂ ਵਿਚ ਹਜ਼ਾਰਾਂ ਮੁਸਲਿਮ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਕਾਨੂੰਨ ਵਿਰੁੱਧ ਰੈਲੀਆਂ ਕੱਢੀਆਂ ਅਤੇ ਇਸਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।


author

Rakesh

Content Editor

Related News