ਵਿਨੋਦ ਤਾਵੜੇ ਹੋਣ ਦੀ ਅਹਿਮੀਅਤ
Tuesday, Sep 01, 2026 - 02:29 PM (IST)
2019 ’ਚ ਮਹਾਰਾਸ਼ਟਰ ਦੀ ਸਿਆਸਤ ਤੋਂ ਹਟਣ ਤੋਂ ਬਾਅਦ ਕਈ ਸਾਲਾਂ ਤੱਕ ਹਾਸ਼ੀਏ ’ਤੇ ਰਹਿਣ ਪਿੱਛੋਂ ਵਿਨੋਦ ਤਾਵੜੇ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਇਕ ਪ੍ਰਮੁੱਖ ਓ. ਬੀ. ਸੀ. ਨੇਤਾ ਹੁਣ ਭਾਜਪਾ ਦੇ ਸੱਤਾ ਦੇ ਢਾਂਚੇ ’ਚ ਕੋਈ ਮਾਮੂਲੀ ਹਸਤੀ ਨਹੀਂ ਹਨ। ਹੁਣ ਉਨ੍ਹਾਂ ਨੂੰ ਸਮੱਸਿਆ ਹੱਲ ਕਰਨ ਵਾਲੇ ਇਕ ਪ੍ਰਮੁਖ ਵਿਅਕਤੀ ਵਜੋਂ ਵੇਖਿਆ ਜਾਂਦਾ ਹੈ।
ਤਾਵੜੇ ਭਾਜਪਾ ਦੇ ਜਨਰਲ ਸਕੱਤਰ ਸਨ ਤੇ ਬਿਹਾਰ ਦੇ ਮਾਮਲੇ ਵੇਖਦੇ ਸਨ। ਹਾਲਾਂਕਿ, 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਜਿੱਤ ਦਾ ਬਹੁਤਾ ਸਿਹਰਾ ਉਸ ਸਮੇਂ ਦੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਦਿੱਤਾ ਗਿਆ, ਜੋ ਸੂਬਾਈ ਚੋਣ ਇੰਚਾਰਜ ਸਨ। ਹੁਣ ਤਾਵੜੇ ਨੂੰ ਭਾਜਪਾ ਦੀ ਸਭ ਤੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ : ਉੱਤਰ ਪ੍ਰਦੇਸ਼।
ਉਨ੍ਹਾਂ ਦੀ ਤਰੱਕੀ ਬਹੁਤ ਕੁਝ ਬੋਲਦੀ ਹੈ। ਤਾਵੜੇ ਸੰਗਠਨਾਤਮਕ ਦਰਜਾਬੰਦੀ ’ਚ ਭਾਜਪਾ ਦੇ 8 ਜਨਰਲ ਸਕੱਤਰਾਂ ’ਚੋਂ ਸਭ ਤੋਂ ਉੱਪਰ ਹਨ, ਜਦੋਂ ਕਿ ਸਮ੍ਰਿਤੀ ਈਰਾਨੀ ਚੌਥੇ ਨੰਬਰ ’ਤੇ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਨ ਨੇ ਤਾਵੜੇ ਕੋਲੋਂ ਵਿਸ਼ੇਸ਼ ਤੌਰ 'ਤੇ ਪੁੱਛਿਆ ਸੀ ਕਿ ਕੀ ਉਹ ਪਾਰਟੀ ਸੰਗਠਨ ਲਈ ਕੰਮ ਕਰਨਾ ਪਸੰਦ ਕਰਨਗੇ ਜਾਂ ਸਰਕਾਰ ’ਚ ਸ਼ਾਮਲ ਹੋਣਾ ਚਾਹੁੰਦੇ ਹਨ?
ਉਨ੍ਹਾਂ ਪਾਰਟੀ ਚੁਣੀ। ਫਿਰ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦਾ ਕੰਮ ਸੌਂਪਿਆ ਗਿਆ, ਜਿਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਲਈ ‘ਸਿਆਸੀ ਵਾਟਰਲੂ’ ਮੰਨਿਆ ਜਾਂਦਾ ਹੈ। ਦਾਅ ’ਤੇ ਬਹੁਤ ਕੁਝ ਲੱਗਾ ਹੈ। ਅਯੁੱਧਿਆ ਦੇ ਰਾਮ ਮੰਦਰ ਨਾਲ ਸਬੰਧਤ ਚੜ੍ਹਾਵਾ ਚੋਰੀ ਵਿਵਾਦ ਤੇ ਕਾਾਕਰੋਚ ਜਨਤਾ ਪਾਰਟੀ ਦੇ ਰੂਪ ’ਚ ਜੈਨ-ਜ਼ੀ ਦੇ ਉਭਾਰ ਨੇ ਭਾਜਪਾ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਭਾਜਪਾ ਨੇ 2017 ’ਚ 312 ਸੀਟਾਂ ਜਿੱਤੀਆਂ ਸਨ ਪਰ 2022 ’ਚ ਇਹ ਗਿਣਤੀ 255 ਰਹਿ ਗਈ। ਤਾਵੜੇ ਨੂੰ ਸਪੱਸ਼ਟ ਨਿਰਦੇਸ਼ ਹੈ : ਗਿਰਾਵਟ ਨੂੰ ਰੋਕੋ ਤੇ 2027 ’ਚ ਬਿਹਤਰ ਨਤੀਜੇ ਪ੍ਰਦਾਨ ਕਰੋ।
