ਨਿਰਭਯਾ ਮਾਮਲੇ ’ਚ ਦੋਸ਼ੀ ਵਿਨੇ ਸ਼ਰਮਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

03/14/2020 9:54:34 AM

ਨਵੀਂ ਦਿੱਲੀ–ਨਿਰਭਯਾ ਸਮੂਹਿਕ ਜਬਰ-ਜ਼ਨਾਹ ਅਤੇ ਹੱਤਿਆ ਮਾਮਲੇ 'ਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਚਾਰਾਂ ਦੋਸ਼ੀਆਂ 'ਚੋਂ ਇਕ ਵਿਨੇ ਸ਼ਰਮਾ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਵਿਨੇ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਉਸ ਦੀ ਰਹਿਮ ਦੀ ਪਟੀਸ਼ਨ ਖਾਰਿਜ ਕੀਤੇ ਜਾਣ 'ਚ ਪ੍ਰਕਿਰਿਆਗਤ ਖਾਮੀਆਂ ਅਤੇ ਕਾਨੂੰਨੀ ਅਨਿਯਮਤਾਵਾਂ ਸਨ। ਸ਼ਰਮਾ ਵਲੋਂ ਪਟੀਸ਼ਨ ਉਸ ਦੇ ਵਕੀਲ ਏ. ਪੀ. ਸਿੰਘ ਨੇ ਦਾਇਰ ਕੀਤੀ, ਜਿਨ੍ਹਾਂ ਕਿਹਾ ਕਿ ਮਾਮਲੇ ਨੂੰ ਦਿੱਲੀ ਹਾਈ ਕੋਰਟ ਦੀ ਰਜਿਸਟਰੀ 'ਚ ਦਾਇਰ ਕੀਤਾ ਗਿਆ ਹੈ। ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਰਹਿਮ ਦੀ ਅਪੀਲ ਖਾਰਿਜ ਕਰਨ ਲਈ ਰਾਸ਼ਟਰਪਤੀ ਕੋਲ ਭੇਜੀਆਂ ਗਈਆਂ ਦਲੀਲਾਂ 'ਚ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੇ ਦਸਤਖਤ ਨਹੀਂ ਹਨ।

ਦੱਸ ਦੇਈਏ ਕਿ ਵਿਨੇ ਦੀ ਰਹਿਮ ਪਟੀਸ਼ਨ 1 ਫਰਵਰੀ ਨੂੰ ਰਾਸ਼ਟਰਪਤੀ ਵੱਲੋਂ ਖਾਰਿਜ ਕਰ ਦਿੱਤੀ ਗਈ ਸੀ।  ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਦੀ ਇਕ ਅਦਾਲਤ ਨੇ ਉਕਤ ਕਾਂਡ ਦੇ ਚਾਰੇ ਦੋਸ਼ੀਆਂ ਦੀ ਫਾਂਸੀ 3 ਵਾਰ ਟਾਲਣ ਪਿੱਛੋ ਨਵੀਂ ਮਿਤੀ 20 ਮਾਰਚ ਨਿਰਧਾਰਿਤ ਕੀਤੀ ਹੈ।

ਕੀ ਹੈ ਮਾਮਲਾ— 
16 ਦਸੰਬਰ 2012 ਨੂੰ ਦੱਖਣੀ ਦਿੱਲੀ 'ਚ ਇਕ ਚੱਲਦੀ ਬੱਸ 'ਚ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ 6 ਵਹਿਸ਼ੀ ਦਰਿੰਦਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਬਾਅਦ 'ਚ ਉਸ ਨੂੰ ਚੱਲਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਗਿਆ ਸੀ। 29 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਵਿਦਿਆਰਥਣ ਦੀ ਮੌਤ ਹੋ ਗਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਵੀ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਉਦੋਂ ਨਾਬਾਲਗ ਸੀ, ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ 3 ਸਾਲ ਬਾਲ ਸੁਧਾਰ ਗ੍ਰਹਿ 'ਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।  

ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਹੁਣ ਦੋਸ਼ੀ ਪਵਨ ਨੇ ਖੇਡੀ ਨਵੀਂ ਚਾਲ, ਪੁਲਸ ’ਤੇ ਲਾਏ ਗੰਭੀਰ ਦੋਸ਼


Iqbalkaur

Content Editor

Related News