ਪੰਜਾਬ ਦੇ ਹਵਾਈ ਅੱਡਿਆਂ ਤੋਂ ਅੰਤਰ-ਰਾਸ਼ਟਰੀ ਤੇ ਕਾਰਗੋ ਉਡਾਨਾਂ ‘ਚ ਜਲਦ ਹੋਵੇਗਾ ਵਾਧਾ: ਵਿਕਰਮਜੀਤ ਸਾਹਨੀ

Thursday, Sep 01, 2022 - 04:39 PM (IST)

ਪੰਜਾਬ ਦੇ ਹਵਾਈ ਅੱਡਿਆਂ ਤੋਂ ਅੰਤਰ-ਰਾਸ਼ਟਰੀ ਤੇ ਕਾਰਗੋ ਉਡਾਨਾਂ ‘ਚ ਜਲਦ ਹੋਵੇਗਾ ਵਾਧਾ: ਵਿਕਰਮਜੀਤ ਸਾਹਨੀ

ਨਵੀਂ ਦਿੱਲੀ (ਕਮਲ ਕਾਂਸਲ)- ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਜੀ ਨੇ ਬੁੱਧਵਾਰ ਨੂੰ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਜਿਓਤਿਰਾਦਿਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਦੌਰਾਨ ਪੰਜਾਬ ਦੇ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਅਤੇ ਕਾਰਗੋ ਉਡਾਨਾਂ ਵਧਾਉਣ ਸੰਬੰਧੀ ਵਿਚਾਰ-ਚਰਚਾ ਕੀਤੀ ਗਈ। ਸਿੰਧੀਆ ਜੀ ਨੂੰ ਬੇਨਤੀ ਕੀਤੀ ਗਈ ਕਿ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਮੋਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਨਾਂ ਨੂੰ ਹੋਰ ਜ਼ਿਆਦਾ ਵਧਾਇਆ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਦਿੱਲੀ ਹਵਾਈ ਅੱਡੇ ਜਾਣ ਦੀ ਖੱਜਲ-ਖੁਆਰੀ ਤੋਂ ਮੁਕਤੀ ਮਿਲ ਸਕੇ ਅਤੇ ਪੰਜਾਬੀ ਖੁਸ਼ੀ-ਖੁਸ਼ੀ ਆਪਣੀ ਵਿਦੇਸ਼ੀ ਯਾਤਰਾ ਕਰ ਸਕਣ। ਕਿਉਂਕਿ ਪੰਜਾਬੀ ਕਾਰੋਬਾਰ, ਯਾਤਰਾ, ਪੜ੍ਹਾਈ ਅਤੇ ਘੁੰਮਣ ਵਗੈਰਾ ਲਈ ਅਕਸਰ ਹੀ ਵਿਦੇਸ਼ਾਂ ਨੂੰ ਜਾਂਦੇ ਰਹਿੰਦੇ ਹਨ। ਉਨ੍ਹਾਂ ਨੂੰ ਹਵਾਈ ਯਾਤਰਾ ਦੌਰਾਨ ਹੋਰ ਵੀ ਸੌਖ ਮਿਲੇ ਇਸੇ ਤਹਿਤ ਬੁੱਧਵਾਰ ਨੂੰ ਇਹ ਮੁਲਾਕਾਤ ਕੇਂਦਰੀ ਮੰਤਰੀ ਜੀ ਨਾਲ ਕੀਤੀ ਗਈ।

PunjabKesari
ਸ਼੍ਰੀ ਸਾਹਨੀ ਜੀ ਨੇ ਸਿੰਧੀਆ ਜੀ ਨੂੰ ਇਹ ਵੀ ਬੇਨਤੀ ਕੀਤੀ ਕਿ ਪੰਜਾਬ ਦੇ ਹਵਾਈ ਅੱਡਿਆਂ ਤੋਂ ਕਾਰਗੋ ਉਡਾਨਾਂ ਨੂੰ ਵੀ ਹੋਰ ਵਧਾਇਆ ਜਾਵੇ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਉਤਪਾਦਨ ਖਾਸਕਰ ਫ਼ਲ, ਸਬਜੀਆਂ ਵਗੈਰਾ ਦੇ ਆਯਾਤ-ਨਿਰਯਾਤ ਲਈ ਆਸਾਨੀ ਹੋ ਸਕੇ। ਇਸ ਨਾਲ ਪੰਜਾਬ ਅੰਦਰ ਖੇਤੀ ਵਿਭਿੰਨਤਾ ਵੀ ਵਧੇਗੀ ਅਤੇ ਕਣਕ ਝੋਨੇ ਦੇ ਫ਼ਸਲੀ ਚੱਕਰ ਤੋਂ ਵੀ ਨਿਜਾਤ ਮਿਲੇਗੀ। ਇਹ ਸੌਖ ਹੋਣ ਨਾਲ ਪੰਜਾਬ ਦੇ ਕਿਸਾਨਾਂ ਦੀ ਆਮਦਨ ਵੀ ਵਧੇਗੀ। ਇਸ ਤੋਂ ਇਲਾਵਾ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਜੀ ਨੇ ਇਹ ਵੀ ਗੱਲ ਵੀ ਰੱਖੀ ਕਿ ਪੰਜਾਬ ਦੇ ਬਾਕੀ ਹਵਾਈ ਅੱਡਿਆਂ ਜਿਵੇਂ ਬਠਿੰਡਾ, ਹਲਵਾਰਾ, ਲੁਧਿਆਣਾ, ਆਦਮਪੁਰ ਆਦਿ ਦਾ ਕੰਮ ਵੀ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਵੀ ਜਲਦੀ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਡਾਨਾਂ ਵੀ ਸ਼ੁਰੂ ਕੀਤੀਆਂ ਜਾਣ। ਸ਼੍ਰੀ ਸਾਹਨੀ ਜੀ ਨੇ ਹਲਵਾਰਾ ਹਵਾਈ ਅੱਡੇ ਦੇ ਨਿਰਮਾਣ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਅੰਤਰਰਾਸ਼ਟਰੀ ਉਡਾਨਾਂ ਨਾਲ ਲਿੰਕ ਕਰਦੀਆਂ ਆਮ ਉਡਾਨਾਂ ਵਿਚ ਯਾਤਰੀਆਂ ਦੁਆਰਾ ਲਿਜਾਏ ਜਾਣ ਵਾਲੇ ਵਜਨ ਦੀ ਹੱਦ ਨੂੰ ਵੀ 20 ਕਿਲੋ ਤੋਂ ਵਧਾ ਕੇ 30 ਕਿਲੋ ਕੀਤਾ ਜਾਵੇ, ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਮੰਗਾਂ ਦੇ ਪੂਰਾ ਹੋਣ ਨਾਲ ਪੰਜਾਬੀਆਂ ਦੀ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਨੇੜਤਾ ਵੀ ਵਧੇਗੀ ਅਤੇ ਕਾਰੋਬਾਰ ਵੀ ਵਧੇਗਾ।


author

DIsha

Content Editor

Related News