ਡੈਮੇਜ ਕੰਟਰੋਲ ’ਚ ਜੁਟੀ ਕਾਂਗਰਸ ਹਾਈ ਕਮਾਨ, ਵਿਕਰਮਾਦਿੱਤਿਆ ਨੇ ਅਸਤੀਫ਼ਾ ਲਿਆ ਵਾਪਸ
Thursday, Feb 29, 2024 - 10:32 AM (IST)
ਸ਼ਿਮਲਾ (ਹੈਡਲੀ/ਸੌਰਭ)- ਰਾਜ ਸਭਾ ਦੀ ਚੋਣ ’ਚ ਪਾਰਟੀ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਦੀ ਕਰਾਸ ਵੋਟਿੰਗ ਕਾਰਨ ਹੋਈ ਅਣਕਿਆਸੀ ਹਾਰ ਪਿੱਛੋਂ ਕਾਂਗਰਸ ਹਾਈ ਕਮਾਂਡ ਨੇ ਕਾਂਗਰਸ ਸਰਕਾਰ ਅਤੇ ਸੰਗਠਨ ’ਚ ਉੱਠੇ ਸਿਆਸੀ ਤੂਫਾਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਵੀ ਸੁੱਖੂ ਸਰਕਾਰ ਨੂੰ ਝਟਕੇ ਲੱਗਦੇ ਰਹੇ। ਸਵੇਰੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਵੱਲੋਂ ਅਸਤੀਫ਼ੇ ਤੇ ਵਿਧਾਇਕਾਂ ’ਚ ਅਸੰਤੁਸ਼ਟੀ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਡੈਮੇਜ ਕੰਟਰੋਲ ਦੀ ਕਵਾਇਦ ਸ਼ੁਰੂ ਹੋ ਗਈ। ਮੁੱਖ ਮੰਤਰੀ, ਉਪ ਮੁੱਖ ਮੰਤਰੀ, ਹੋਰ ਮੰਤਰੀਆਂ ਤੇ ਪਾਰਟੀ ਆਗੂਆਂ ਨੇ ਵਿਕਰਮਾਦਿੱਤਿਆ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਮਨਾ ਲਿਆ। ਵਿਰੋਧੀ ਧਿਰ ਦੀ ਗੈਰ-ਮੌਜੂਦਗੀ ’ਚ ਦੁਪਹਿਰ ਬਾਅਦ ਹਾਊਸ ’ਚ ਬਜਟ ਪਾਸ ਹੋਣ ਪਿੱਛੋਂ ਸਰਕਾਰ ਨੇ ਸੈਸ਼ਨ ਇੱਕ ਦਿਨ ਪਹਿਲਾਂ ਖ਼ਤਮ ਕਰ ਕੇ ਵੱਧਦੇ ਸਿਆਸੀ ਸੰਕਟ ’ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਅਸਤੀਫ਼ੇ ਦੀਆਂ ਖ਼ਬਰਾਂ ਦਰਮਿਆਨ ਹਿਮਾਚਲ ਦੇ CM ਸੁੱਖੂ ਦਾ ਵੱਡਾ ਬਿਆਨ
ਸ਼ਾਮ ਨੂੰ ਪਾਰਟੀ ਦੇ ਦਰਸ਼ਕ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਸ਼ਿਮਲਾ ਪਹੁੰਚਦਿਆਂ ਹੀ ਆਪਣਾ ਮਿਸ਼ਨ ਸ਼ੁਰੂ ਕਰ ਦਿੱਤਾ। ਹੋਟਲ ਸਿਸਲ ਦੇ ਇੱਕ ਬੰਦ ਕਮਰੇ ’ਚ ਦੋਹਾਂ ਦਰਸ਼ਕਾਂ ਨੇ ਕੈਬਨਿਟ ਮੰਤਰੀਆਂ, ਸੀ. ਪੀ. ਐੱਸ. ਅਤੇ ਵਿਧਾਇਕਾਂ ਨਾਲ ਗੱਲ ਕਰ ਕੇ ਉਨ੍ਹਾਂ ਦੀ ਰਾਏ ਜਾਣੀ। ਇਸ ਦੌਰਾਨ ਸੂਬਾ ਇੰਚਾਰਜ ਰਾਜੀਵ ਸ਼ੁਕਲਾ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਮੌਜੂਦ ਸਨ। ਕਾਂਗਰਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈ ਕਮਾਂਡ ਨੇ ਦੋਵੇਂ ਦਰਸ਼ਕ ਭੇਜ ਕੇ ਕਿਹਾ ਹੈ ਕਿ ਸੂਬੇ ’ਚ ਕਾਂਗਰਸ ਦੀ ਸਰਕਾਰ ਕਿਸੇ ਵੀ ਹਾਲਤ ’ਚ ਡਿੱਗਣੀ ਨਹੀਂ ਚਾਹੀਦੀ | ਇਸ ਲਈ ਹਾਈ ਕਮਾਂਡ ਨੇ ਦਰਸ਼ਕਾਂ ਨੂੰ ਕੋਈ ਵੀ ਰਣਨੀਤੀ ਅਪਣਾਉਣ ਦੀ ਖੁੱਲ੍ਹ ਦੇ ਦਿੱਤੀ ਹੈ। ਦੋਵਾਂ ਦਰਸ਼ਕਾਂ ਨੇ ਦੇਰ ਸ਼ਾਮ ਤੱਕ ਸਾਰੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨਾਲ ਵੱਖਰੇ ਤੌਰ ’ਤੇ ਗੱਲਬਾਤ ਕੀਤੀ। ਮੀਟਿੰਗ ’ਚ ਦਰਸ਼ਕਾਂ ਨੇ ਸਾਰੇ ਵਿਧਾਇਕਾਂ ਨੂੰ ਇਹ ਵੀ ਪੁੱਛਿਆ ਕਿ ਜੇ ਸਰਕਾਰ ਨੂੰ ਬਚਾਉਣ ਲਈ ਲੀਡਰਸ਼ਿਪ ਬਦਲੀ ਜਾਂਦੀ ਹੈ ਤਾਂ ਮੁੱਖ ਮੰਤਰੀ ਦੇ ਅਹੁਦੇ ਲਈ ਬਦਲ ਕਿਸ ਕੋਲ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8