ਕਰੂਰ ਰੈਲੀ ਹਾਦਸੇ ''ਚ 36 ਮੌਤਾਂ, ਵਿਜੇ ਥਲਾਪਤੀ ਦਾ ਆਇਆ ਦਰਦ ਭਰਿਆ ਬਿਆਨ

Sunday, Sep 28, 2025 - 12:55 AM (IST)

ਕਰੂਰ ਰੈਲੀ ਹਾਦਸੇ ''ਚ 36 ਮੌਤਾਂ, ਵਿਜੇ ਥਲਾਪਤੀ ਦਾ ਆਇਆ ਦਰਦ ਭਰਿਆ ਬਿਆਨ

ਨੈਸ਼ਨਲ ਡੈਸਕ - ਤਮਿਲਨਾਡੂ ਦੇ ਕਰੂਰ ਵਿੱਚ ਅਦਾਕਾਰ ਅਤੇ ਟੀਵੀਕੇ ਮੁਖੀ ਵਿਜੇ ਥਲਾਪਤੀ ਦੀ ਰੈਲੀ ਦੌਰਾਨ ਹੋਈ ਭਗਦੜ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਹਾਦਸੇ ਵਿੱਚ 36 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 8 ਬੱਚੇ ਅਤੇ 16 ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 70 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲਾਂ ਵਿੱਚ ਜਾਰੀ ਹੈ।

ਆਪਣੀ ਪਹਿਲੀ ਪ੍ਰਤੀਕ੍ਰਿਆ ਵਿੱਚ ਵਿਜੇ ਨੇ ਕਿਹਾ, "ਮੇਰਾ ਦਿਲ ਟੁੱਟ ਗਿਆ ਹੈ; ਮੈਂ ਅਸਹਿਣਯ ਦੁੱਖ ਤੇ ਪੀੜਾ ਵਿੱਚ ਹਾਂ, ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।" ਉਨ੍ਹਾਂ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟਾਈ ਅਤੇ ਜ਼ਖ਼ਮੀਆਂ ਦੇ ਜਲਦੀ ਚੰਗੇ ਹੋਣ ਦੀ ਦੁਆ ਕੀਤੀ।

ਭਗਦੜ ਕਿਵੇਂ ਮਚੀ?
ਜਾਣਕਾਰੀ ਮੁਤਾਬਕ, ਪੁਲਸ ਨੇ ਰੈਲੀ ਲਈ ਸਿਰਫ਼ 10,000 ਲੋਕਾਂ ਦੀ ਇਜਾਜ਼ਤ ਦਿੱਤੀ ਸੀ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਵਿਜੇ ਲਗਭਗ ਛੇ ਘੰਟੇ ਦੇਰੀ ਨਾਲ ਰੈਲੀ ਸਥਾਨ ’ਤੇ ਪਹੁੰਚੇ, ਜਿਸ ਨਾਲ ਭੀੜ ਬੇਕਾਬੂ ਹੋ ਗਈ। ਜਿਵੇਂ ਹੀ ਉਨ੍ਹਾਂ ਨੇ ਭਾਸ਼ਣ ਸ਼ੁਰੂ ਕੀਤਾ, ਲੋਕ ਬੈਰੀਕੇਡ ਤੋੜਦੇ ਹੋਏ ਮੰਚ ਵੱਲ ਦੌੜ ਪਏ ਤੇ ਭਗਦੜ ਮਚ ਗਈ।

ਕਈ ਲੋਕ ਮੌਕੇ ’ਤੇ ਹੀ ਬੇਹੋਸ਼ ਹੋ ਗਏ। ਸਥਿਤੀ ਨੂੰ ਕਾਬੂ ਕਰਨ ਲਈ ਵਿਜੈ ਨੂੰ ਆਪਣੀ ਪ੍ਰਚਾਰ ਬੱਸ ’ਤੇ ਚੜ੍ਹ ਕੇ ਭੀੜ ਵੱਲ ਪਾਣੀ ਦੀਆਂ ਬੋਤਲਾਂ ਸੁੱਟਣੀਆਂ ਪਈਆਂ। ਐਂਬੂਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਕਈਆਂ ਦੀ ਜਾਨ ਨਹੀਂ ਬਚ ਸਕੀ।


author

Inder Prajapati

Content Editor

Related News