ਕਰਨਾਲ ’ਚ ਚੱਲ ਰਹੇ ਧਰਨੇ ਨੂੰ ਲੈ ਕੇ ਬੋਲੇ ਵਿਜ, ‘ਕਿਸੇ ਦੇ ਕਹਿਣ ’ਤੇ ਕਿਸੇ ਨੂੰ ਫਾਂਸੀ ਨਹੀਂ ਚੜ੍ਹਾ ਸਕਦੇ’
Thursday, Sep 09, 2021 - 01:25 PM (IST)
ਅੰਬਾਲਾ– ਹਰਿਆਣਾ ਦੇ ਕਰਨਾਲ ’ਚ ਕਿਸਾਨ ਆਪਣੀ ਮੰਗ ’ਤੇ ਅੜੇ ਹਨ ਅਤੇ ਅਜਿਹੇ ’ਚ ਹੁਣ ਕਿਸਾਨਾਂ ਨੇ ਕਰਨਾਲ ’ਚ ਅਣਮਿੱਥੇਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਜਿਥੇ ਕਿਸਾਨ ਐੱਸ.ਡੀ.ਐੱਮ. ’ਤੇ ਸਖਤ ਕਾਰਵਾਈ ਦੀ ਮੰਗ ’ਤੇ ਅੜੇ ਹਨ, ਉਥੇ ਹੀ ਇਸ ਮਾਮਲੇ ’ਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੱਡਾ ਬਿਆਨ ਦਿੱਤਾ ਹੈ। ਅਨਿਲ ਵਿਜ ਨੇ ਕਿਹਾ ਹੈ ਕਿ ਅਸੀਂ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਹਾਂ ਅਤੇ ਕਰਨਾਲ ਘਟਨਾ ਦੀ ਜਾਂਚ ਹੋਏ ਤਾਂ ਅਧਿਕਾਰੀ, ਕਿਸਾਨ ਜਾਂ ਕਿਸਾਨ ਆਗੂ, ਜੋ ਵੀ ਦੋਸ਼ੀ ਹੋਏ ਉਨ੍ਹਾਂ ’ਤੇ ਸਖਤ ਕਾਰਵਾਈ ਵੀ ਹੋਵੇਗੀ। ਅਨਿਲ ਵਿਜ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਕਿਸੇ ਦੇ ਕਹਿਣ ’ਤੇ ਕਿਸੇ ਨੂੰ ਫਾਂਸੀ ਨਹੀਂ ਚੜ੍ਹਾ ਸਕਦੇ। ਵਿਜ ਨੇ ਕਿਹਾ ਕਿ ਸਿਰਫ ਜਾਇਜ਼ ਮੰਗਾਂ ਹੀ ਮਨਾਂਗੇ।
ਬੀਤੇ ਦਿਨੀਂ ਕੇਂਦਰ ਦੁਆਰਾ ਵਧਾਈ ਗਈ ਐੱਮ.ਐੱਸ.ਪੀ. ’ਤੇ ਵੀ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਵਧੀ ਹੋਈ ਐੱਮ.ਐੱਸ.ਪੀ. ਨੂੰ ਊਠ ਦੇ ਮੂੰਹ ’ਚ ਜ਼ੀਰਾ ਦੱਸ ਰਹੇ ਹਨ। ਸੁਰਜੇਵਾਲਾ ਦੇ ਇਸ ਬਿਆਨ ’ਤੇ ਵੀ ਅਨਿਲ ਵਿਜ ਨੇ ਤਿੱਖਾ ਪਲਟਵਾਰ ਕੀਤਾ ਹੈ। ਅਨਿਲ ਵਿਜ ਨੇ ਕਿਹਾ ਕਿ ਸੁਰਜੇਵਾਲਾ ਆਪਣੇ ਕਰਜਕਾਲ ਦਾ ਵੀ ਰਿਕਾਰਡ ਕੱਢਵਾ ਕੇ ਵੇਖ ਲੈਣ। ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਦੇ ਹੱਕ ਲਈ ਸੋਚਦੇ ਹਨ।