ਕੇਜਰੀਵਾਲ ਦੇ ਵਜ਼ਨ ਘੱਟ ਹੋਣ ਨੂੰ ਲੈ ਕੇ ਵਿਜ ਦਾ ਤੰਜ਼, ਬੋਲੇ- ਉਨ੍ਹਾਂ ਨੂੰ ਤਾਂ ਖੁਸ਼ ਹੋਣਾ ਚਾਹੀਦੈ

Tuesday, Jul 16, 2024 - 12:39 PM (IST)

ਚੰਡੀਗੜ੍ਹ- ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਹਿਰਾਸਤ ਦੌਰਾਨ ਉਨ੍ਹਾਂ ਦੇ ਵਜ਼ਨ ਘੱਟ ਹੋਣ ਨੂੰ ਲੈ ਕੇ ਤੰਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਲੋਕ ਭਾਰ ਘਟਾਉਣ ਲਈ ਵੱਡੀਆਂ-ਵੱਡੀਆਂ ਕੋਸ਼ਿਸ਼ਾਂ ਕਰਦੇ ਹਨ, ਜਦੋਂ ਕਿ ਕੇਜਰੀਵਾਲ ਜੀ ਦਾ ਮੁਫਤ ਵਿਚ ਹੀ ਭਾਰ ਘੱਟ ਹੋ ਰਿਹਾ ਹੈ।

ਵਿਜ ਪੱਤਰਕਾਰਾਂ ਵਲੋਂ ਕੇਜਰੀਵਾਲ ਸਬੰਧੀ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਪ੍ਰੈੱਸ ਕਾਨਫਰੰਸ 'ਚ ਸੁਣਿਆ ਹੈ ਅਤੇ ਉਥੇ ਰੌਲਾ ਪਾਇਆ ਜਾ ਰਿਹਾ ਸੀ ਕਿ ਜੇਲ੍ਹ ਜਾਣ ਤੋਂ ਬਾਅਦ ਕੇਜਰੀਵਾਲ ਜੀ ਦਾ ਭਾਰ ਘੱਟ ਗਿਆ ਹੈ। ਕਾਂਗਰਸ ਵੱਲੋਂ 'ਹਰਿਆਣਾ ਮੰਗੇ ਹਿਸਾਬ' ਮੁਹਿੰਮ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਹਿਸਾਬ ਮੰਗਣ ਦਾ ਹੱਕ ਹੈ ਪਰ ਲੋਕਾਂ ਨੂੰ ਇਹ ਜਾਣਨ ਦਾ ਵੀ ਹੱਕ ਹੈ ਕਿ ਕਿਸ-ਕਿਸ ਪਾਰਟੀ ਅਤੇ ਕਿਹੜੀ-ਕਿਹੜੀ ਸਰਕਾਰ ਨੇ ਆਪਣੇ-ਆਪਣੇ ਸਮੇਂ ਵਿਚ ਕੀ ਕੀਤਾ।

ਵਿਜ ਨੇ ਕਿਹਾ ਕਿ ਹਰਿਆਣਾ ਵਿਚ ਇਸ ਸਮੇਂ ਸਰਗਰਮ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਸੇ ਨਾ ਕਿਸੇ ਸਮੇਂ ਸੂਬੇ ਵਿਚ ਰਾਜ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਇਨੈਲੋ ਦਾ ਰਾਜ ਰਿਹਾ ਹੈ, ਕਾਂਗਰਸ ਨੇ ਰਾਜ ਕੀਤਾ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਵੀ ਕਾਰਜਕਾਲ ਰਿਹਾ ਹੈ ਅਤੇ ਲੋਕਾਂ ਨੇ ਸਾਰਿਆਂ ਦਾ ਰਾਜ ਦੇਖਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਤੁਲਨਾਤਮਕ ਅਧਿਐਨ ਕਰਨਗੇ ਕਿ ਕਿਹੜਾ ਰਾਜ ਸਹੀ ਸੀ। ਭਾਜਪਾ ਦਾ 10 ਸਾਲ ਦਾ ਕਾਰਜਕਾਲ ਹੈ, ਜੋ ਪੂਰੀ ਤਰ੍ਹਾਂ ਪਾਰਦਰਸ਼ੀ ਰਿਹਾ। 


Tanu

Content Editor

Related News