ਮਹਾਰਾਸ਼ਟਰ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਠਿਆਂ ਕਰਵਾਉਣ ਦੀ ਚਰਚਾ ਭਖੀ

Friday, Apr 07, 2023 - 11:57 AM (IST)

ਮਹਾਰਾਸ਼ਟਰ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਠਿਆਂ ਕਰਵਾਉਣ ਦੀ ਚਰਚਾ ਭਖੀ

ਨਵੀਂ ਦਿੱਲੀ- ਭਾਜਪਾ ਲੀਡਰਸ਼ਿਪ ਮਹਾਰਾਸ਼ਟਰ ’ਚ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਅਪ੍ਰੈਲ-ਮਈ 2024 ’ਚ ਇਕੱਠਿਆਂ ਕਰਵਾਉਣ ’ਤੇ ਵਿਚਾਰ ਕਰ ਰਿਹਾ ਹੈ। ਕੁਝ ਅੰਦਰੂਨੀ ਸਰਵੇਖਣਾਂ ’ਚ ਅਜਿਹੇ ਸੰਕੇਤ ਮਿਲੇ ਹਨ ਕਿ ਸ਼ਿਵ ਸੈਨਾ ਦੇ ਕੈਡਰ ਵਿਚਾਲੇ ਊਧਵ ਠਾਕਰੇ ਦੇ ਹੱਕ ’ਚ ਹਮਦਰਦੀ ਕੰਮ ਕਰ ਰਹੀ ਹੈ। ਬਹੁਤ ਹੱਦ ਤੱਕ ਇਹੀ ਕਾਰਨ ਹੈ ਕਿ ਸੱਤਾਧਾਰੀ ਗਠਜੋੜ ਸਰਕਾਰ ਬੀ. ਐੱਮ. ਸੀ. ਚੋਣਾਂ ਕਰਵਾਉਣ ’ਚੇ ਦੇਰੀ ਕਰ ਰਹੀ ਹੈ।

ਇਸ ਸਥਿਤੀ ਨੂੰ ਦੇਖਦੇ ਹੋਏ ਭਾਜਪਾ ਦੋਵੇਂ ਚੋਣਾਂ ਇਕੱਠਿਆਂ ਕਰਵਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕ੍ਰਿਸ਼ਮੇ ਨੂੰ ਭੁੰਨਾਉਣਾ ਚਾਹੁੰਦੀ ਹੈ। ਪੀ. ਐੱਮ. ਨੇ 2 ਵਾਰ ਮੁੰਬਈ ਦਾ ਦੌਰਾ ਕੀਤਾ ਹੈ ਪਰ ਬੀ. ਐੱਮ. ਸੀ. ਚੋਣਾਂ ਲਈ ਕੋਈ ਐਲਾਨ ਨਹੀਂ ਹੋਇਆ। ਸੂਬਾ ਇਕਾਈ ਵੱਲੋਂ ਇਕੱਠਿਆਂ ਚੋਣਾਂ ਕਰਵਾਉਣ ਦੀ ਸਿਫਾਰਿਸ਼ ਤੋਂ ਬਾਅਦ ਕੇਂਦਰੀ ਭਾਜਪਾ ਲੀਡਰਸ਼ਿਪ ਸਰਵੇਖਣ ਦੇ ਨਤੀਜਿਆਂ ’ਤੇ ਵਿਚਾਰ ਕਰ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਆਪਣੇ ਪੱਤੇ ਨਹੀਂ ਖੋਲ ਰਹੀ ਹੈ, ਹਾਲਾਂਕਿ ਉਸ ਨੂੰ ਇਸ ਪ੍ਰਸਤਾਵ ’ਤੇ ਵਿਚਾਰ ਕਰਨ ਤੋਂ ਹਰਜ਼ ਨਹੀਂ ਹੈ।

ਪਰ ਇਕੱਠਿਆਂ ਚੋਣਾਂ ਕਰਵਾਉਣ ਦੇ ਪ੍ਰਸਤਾਵ ਨੇ ਮਹਾਵਿਕਾਸ ਅਘਾੜੀ (ਐੱਮ. ਵੀ. ਏ.) ਦੇ ਭਾਈਵਾਲਾਂ ’ਚ ਖਲਬਲੀ ਮਚਾ ਦਿੱਤੀ ਹੈ। ਐੱਮ. ਵੀ. ਏ. ਦੀਆਂ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦੇ ਫਾਰਮੂਲੇ ਨੂੰ ਆਪਸੀ ਸਹਿਮਤੀ ਨਾਲ ਤੈਅ ਕਰਨ ਲਈ ਸਖਤ ਸੰਘਰਸ਼ ਕਰ ਰਹੀਆਂ ਹਨ। ਅਜਿਹੀ ਚਰਚਾ ਹੈ ਕਿ ਇਸ ਫਾਰਮੂਲੇ ’ਚ ਠਾਕਰੇ ਧੜਾ 21 ਲੋਕ ਸਭਾ ਸੀਟਾਂ ’ਤੇ ਚੋਣ ਲੜ ਸਕਦਾ ਹੈ ਜਦਕਿ ਰਾਕਾਂਪਾ 19 ਅਤੇ ਕਾਂਗਰਸ 8 ਸੀਟਾਂ ’ਤੇ ਚੋਣ ਲੜ ਸਕਦੀਆਂ ਹਨ। ਰਸਮੀ ਫੈਸਲਾ ਅਜੇ ਦੂਰ ਹੈ। ਪਾਰਟੀਆਂ 2023 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਚਾਹੁਣਗੀਆਂ। ਉੱਧਰ ਭਾਜਪਾ ਸੂਬੇ ’ਚ ਨੇਤਾਵਾਂ ਨੂੰ ਆਪਣੇ ਨਾਲ ਮਿਲਾਉਣ ’ਚ ਰੁਝੀ ਹੈ। ਭਾਜਪਾ ਦੇ ਸੂਬਾ ਪ੍ਰਮੁੱਖ ਚੰਦਰਸ਼ੇਖਰ ਬਾਵਨਕੁਲੇ ਖੁੱਲ੍ਹੇਆਮ ਕਹਿ ਚੁੱਕੇ ਹਨ ਕਿ ਸਾਡੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਿਹੜੇ ਲੋਕ ਸਾਡੇ ਨਾਲ ਜੁੜਣਗੇ, ਉਨ੍ਹਾਂ ਨੂੰ ਉਨ੍ਹਾਂ ਦੇ ਕਦ ਦੇ ਹਿਸਾਬ ਨਾਲ ਅਹੁਦਾ ਦਿੱਤਾ ਜਾਵੇ।


author

Rakesh

Content Editor

Related News