ਆਸਮਾਨ ਛੂਹ ਰਹੇ ਸਬਜ਼ੀਆਂ ਦੇ ਭਾਅ, ਰਸੋਈ ਦਾ ਵਿਗੜਿਆ ਬਜਟ
Monday, Oct 14, 2024 - 04:12 PM (IST)
ਅੰਬਾਲਾ- ਹਰਿਆਣਾ ਦੇ ਅੰਬਾਲਾ 'ਚ ਸਬਜ਼ੀਆਂ ਦੇ ਵੱਧਦੇ ਭਾਅ ਨੇ ਰਸੋਈ ਦਾ ਸਵਾਦ ਵਿਗਾੜ ਦਿੱਤਾ ਹੈ। ਟਮਾਟਰ, ਪਿਆਜ਼, ਆਲੂ, ਹਰੀ ਮਿਰਚ ਵਰਗੀਆਂ ਸਬਜ਼ੀਆਂ ਵੀ 80 ਤੋਂ 100 ਰੁਪਏ ਪ੍ਰਤੀ ਕਿਲੋ ਵਿਕ ਰਹੀਆਂ ਹਨ। ਰਸੋਈ 'ਤੇ ਪੈ ਰਹੀ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ।
ਸਬਜ਼ੀਆਂ ਦੀ ਖਰੀਦੋ-ਫਰੋਖਤ ਲਈ ਮੰਡੀ ਆਉਣ ਵਾਲੀਆਂ ਔਰਤਾਂ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਤੋਂ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਸਮਾਂ ਸੀ ਜਦੋਂ ਕਈ ਸਬਜ਼ੀਆਂ 200 ਰੁਪਏ ਵਿਚ ਖਰੀਦੀਆਂ ਜਾ ਸਕਦੀਆਂ ਸਨ ਪਰ ਹੁਣ 500 ਰੁਪਏ ਕਿੱਥੇ ਚਲੇ ਜਾਂਦੇ ਹਨ, ਇਹ ਪਤਾ ਹੀ ਨਹੀਂ ਲੱਗਦਾ। ਸਬਜ਼ੀਆਂ ਦੀਆਂ ਕੀਮਤਾਂ 'ਚ ਇੰਨੇ ਵਾਧੇ ਬਾਰੇ ਇਕ ਬਜ਼ੁਰਗ ਔਰਤ ਨੇ ਕਿਹਾ ਕਿ ਉਸ ਨੇ ਅਜਿਹੀ ਮਹਿੰਗਾਈ ਕਦੇ ਨਹੀਂ ਦੇਖੀ। ਸਬਜ਼ੀ ਵੇਚਣ ਵਾਲੇ ਦੋ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਬਜ਼ੀ ਵੇਚ ਰਹੇ ਹਨ ਪਰ ਅੱਜ ਤੱਕ ਕਦੇ ਵੀ ਇੰਨੀ ਮਹਿੰਗਾਈ ਨਹੀਂ ਦੇਖੀ।