‘ਭਾਰਤ ਜੋੜੋ ਯਾਤਰਾ’ ਦੇ ਪੋਸਟਰ ’ਤੇ ਛਪੀ ਸਾਵਰਕਰ ਦੀ ਫੋਟੋ, ਕਾਂਗਰਸ ਬੋਲੀ- ‘ਪ੍ਰਿੰਟਿੰਗ ਮਿਸਟੇਕ’

Thursday, Sep 22, 2022 - 10:35 AM (IST)

‘ਭਾਰਤ ਜੋੜੋ ਯਾਤਰਾ’ ਦੇ ਪੋਸਟਰ ’ਤੇ ਛਪੀ ਸਾਵਰਕਰ ਦੀ ਫੋਟੋ, ਕਾਂਗਰਸ ਬੋਲੀ- ‘ਪ੍ਰਿੰਟਿੰਗ ਮਿਸਟੇਕ’

ਨਵੀਂ ਦਿੱਲੀ- ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ 14ਵੇਂ ਦਿਨ ’ਚ ਪ੍ਰਵੇਸ਼ ਕਰ ਗਈ ਹੈ। ਰਾਹੁਲ ਗਾਂਧੀ ਦੀ ਅਗਵਾਈ ’ਚ ਪਾਰਟੀ ਨੇਤਾ ਅਤੇ ਵਰਕਰ ਕੇਰਲ ਪਹੁੰਚ ਚੁੱਕੇ ਹਨ। ਯਾਤਰਾ ਬੁੱਧਵਾਰ ਨੂੰ ਜਿਵੇਂ ਹੀ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ’ਚ ਪਹੁੰਚੀ ਤਾਂ ਇਕ ਅਜਿਹੀ ਗਲਤੀ ਸਾਹਮਣੇ ਆ ਗਈ ਜਿਸ ਦੀ ਕਿਸੇ ਵੀ ਵਰਕਰ ਨੂੰ ਉਮੀਦ ਨਹੀਂ ਸੀ। ਦਰਅਸਲ ਯਾਤਰਾ ਦੇ ਇਕ ਪੋਸਟਰ ਵਿਚ ਹੋਰ ਆਜ਼ਾਦੀ ਘੁਲਾਟੀਆਂ ਦੇ ਨਾਲ ਇਕ ਕਤਾਰ ਵਿਚ ਵਿਨਾਇਕ ਦਾਮੋਦਰ ਸਾਵਰਕਰ ਦੀ ਤਸਵੀਰ ਵੀ ਸ਼ਾਮਲ ਕੀਤੀ ਗਈ ਸੀ। ਇਸ ਮਾਮਲੇ ’ਤੇ ਕਾਂਗਰਸ ਨੇ ਸਪੱਸ਼ਟ ਕੀਤਾ ਕਿ ਇਹ ‘ਪ੍ਰਿੰਟਿੰਗ ਮਿਸਟੇਕ’ ਹੈ।

ਕਾਂਗਰਸ ਨੇ ਕਦੇ ਵੀ ਸਾਵਰਕਰ ਨੂੰ ਆਜ਼ਾਦੀ ਘੁਲਾਟੀਆਂ ਨਹੀਂ ਮੰਨਿਆ। ਉਸ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਨਾਲ ਲੜਨ ਦੀ ਬਜਾਏ ਉਨ੍ਹਾਂ ਸਿਰਫ ਅੰਗਰੇਜ਼ਾਂ ਕੋਲੋਂ ਮੁਆਫੀ ਮੰਗੀ ਸੀ। ਕੇਰਲ ਤੋਂ ਆਜ਼ਾਦ ਵਿਧਾਇਕ ਪੀ.ਵੀ. ਅਨਵਰ ਜਿਨ੍ਹਾਂ ਨੂੰ ਐਲ. ਡੀ. ਐਫ ਦੀ ਹਮਾਇਤ ਪ੍ਰਾਪਤ ਹੈ, ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਇਕ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੇ ਹਿੱਸੇ ਵਜੋਂ ਯਾਤਰਾ ਬੋਰਡ ’ਤੇ ਸਾਵਰਕਰ ਦੀ ਤਸਵੀਰ ਹੈ। ਉਨ੍ਹਾਂ ਲਿਖਿਆ ਕਿ ਕਾਂਗਰਸੀ ਵਰਕਰਾਂ ਨੇ ਬਾਅਦ ਵਿਚ ਸਾਵਰਕਰ ਦੀ ਫੋਟੋ ਉੱਪਰ ਮਹਾਤਮਾ ਗਾਂਧੀ ਦੀ ਤਸਵੀਰ ਲਾ ਦਿੱਤੀ।


author

Tanu

Content Editor

Related News