ਭਲਕੇ ਤੋਂ ਦੇਸ਼ ''ਚ ਲਾਗੂ ਹੋਵੇਗੀ ਵੀ.ਬੀ.-ਜੀ ਰਾਮ ਜੀ ਯੋਜਨਾ, 6 ਕਰੋੜ ਔਰਤਾਂ ਬਣਨਗੀਆਂ ''ਲਖਪਤੀ''

Tuesday, Jun 30, 2026 - 02:42 PM (IST)

ਭਲਕੇ ਤੋਂ ਦੇਸ਼ ''ਚ ਲਾਗੂ ਹੋਵੇਗੀ ਵੀ.ਬੀ.-ਜੀ ਰਾਮ ਜੀ ਯੋਜਨਾ, 6 ਕਰੋੜ ਔਰਤਾਂ ਬਣਨਗੀਆਂ ''ਲਖਪਤੀ''

ਨਵੀਂ ਦਿੱਲੀ,  (ਏਜੰਸੀ)- ਕੇਂਦਰੀ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਇਕ ਜੁਲਾਈ ਤੋਂ ਪੂਰੇ ਦੇਸ਼ ’ਚ ਵਿਕਸਿਤ ਭਾਰਤ (ਵੀ. ਬੀ.)-ਜੀ ਰਾਮ ਜੀ ਦਾ ਸਾਂਝਾ ਰੋਡਮੈਪ ਲਾਗੂ ਹੋਵੇਗਾ। 2 ਦਿਨਾਂ ਰਾਸ਼ਟਰੀ ਪੇਂਡੂ ਵਿਕਾਸ ਸੰਮੇਲਨ ‘ਗ੍ਰੋਮੋਦਯ ਸੇ ਰਾਸ਼ਟਰਰੋਦਯ’ ਦੇ ਦੂਜੇ ਦਿਨ ਸਾਰੇ ਸੂਬਿਆਂ ਦੇ ਪੇਂਡੂ ਵਿਕਾਸ ਮੰਤਰੀਆਂ ਨਾਲ ਉਕਤ ਯੋਜਨਾ ’ਤੇ ਵਿਸਥਾਰ ਨਾਲ ਚਰਚਾ ਕਰਨ ਦੌਰਾਨ ਚੌਹਾਨ ਨੇ ਕਿਹਾ ਕਿ ਵਿਕਸਿਤ ਭਾਰਤ-ਜੀ ਰਾਮ ਜੀ ਯੋਜਨਾ ਲਈ 95,682 ਕਰੋੜ ਰੁਪਏ ਦੀ ਅੰਤ੍ਰਿਮ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਰਸਮਾਂ ਸਮੇਂ ਸਿਰ ਪੂਰੀਆਂ ਕਰਨ। ਮਨਰੇਗਾ ਦੀ ਥਾਂ ਲੈਣ ਲਈ ਪੇਸ਼ ਕੀਤੀ ਜਾ ਰਹੀ ਇਹ ਯੋਜਨਾ 1 ਜੁਲਾਈ ਤੋਂ ਹਰ ਸੂਬੇ ’ਚ ਲਾਗੂ ਕੀਤੀ ਜਾਵੇਗੀ।

‘ਲਖਪਤੀ ਦੀਦੀ ਡੈਸ਼ਬੋਰਡ’ ਵੀ ਲਾਂਚ 
ਸੰਮੇਲਨ ’ਚ ‘ਲਖਪਤੀ ਦੀਦੀ ਡੈਸ਼ਬੋਰਡ’ ਵੀ ਲਾਂਚ ਕੀਤਾ ਗਿਆ। ਨਾਲ ਹੀ ਸਵੈ-ਸਹਾਇਤਾ ਗਰੁੱਪਾਂ ’ਚ ਔਰਤਾਂ ਲਈ ਇਕ ਵਿਸ਼ੇਸ਼ ਡਿਜੀਟਲ ਪਲੇਟਫਾਰਮ ਵੀ ਲਾਂਚ ਕੀਤਾ ਗਿਆ। ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਲਖਪਤੀ ਦੀਦੀ’ ਔਰਤਾਂ ਦੀ ਗਿਣਤੀ 3 ਕਰੋੜ ਤੋਂ ਵਧਾ ਕੇ 6 ਕਰੋੜ ਕਰਨ ਦਾ ਟੀਚਾ ਰੱਖਿਆ ਹੈ, ਜਿਸ ਲਈ ਅਗਲੇ 5 ਸਾਲਾਂ ’ਚ 10 ਲੱਖ ਕਰੋੜ ਰੁਪਏ ਦਾ ਬੈਂਕ ਲਿੰਕਿੰਗ ਰੋਡਮੈਪ ਤਿਆਰ ਕੀਤਾ ਗਿਆ ਹੈ।
ਚੌਹਾਨ ਨੇ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਈ ਮੁੱਖ ਨੁਕਤਿਆਂ ’ਤੇ ਚਾਨਣਾ ਪਾਇਆ। ਇਨ੍ਹਾਂ ’ਚ ਸੂਬਿਆਂ ਨੂੰ ਸਮੇਂ ਸਿਰ ਆਪਣਾ ਵਿੱਤੀ ਹਿੱਸਾ ਜਾਰੀ ਕਰਨ ਤੇ ਪੇਂਡੂ ਵਿਕਾਸ ਨਾਲ ਜੁੜੇ ਖਾਲੀ ਪਏ ਅਹੁਦਿਆਂ ਨੂੰ ਤੁਰੰਤ ਭਰਨ ਦੀ ਲੋੜ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਯੋਜਨਾਵਾਂ ਦੇ ਪ੍ਰਚਾਰ ਤੇ ਜਨਤਕ ਜਾਗਰੂਕਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ ਸਮਾਜਿਕ ਆਡਿਟ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਾਧਾਰਤ ਨਿਗਰਾਨੀ ਨੂੰ ਮਜ਼ਬੂਤ ​​ਕਰਨ ਦੀ ਵੀ ਲੋੜ ਹੈ।

ਕਮਜ਼ੋਰ ਮਾਨਸੂਨ ਦੇ ਅਨੁਮਾਨ ਨੂੰ ਲੈ ਕੇ 14 ਸੂਬਿਆਂ ਲਈ ਚਿਤਾਵਨੀ ਜਾਰੀ
ਪ੍ਰਧਾਨ ਮੰਤਰੀ ਆਵਾਸ ਯੋਜਨਾ, ਪੇਂਡੂ ਸੜਕ ਯੋਜਨਾ ਤੇ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਚੌਹਾਨ ਨੇ ਕਿਹਾ ਕਿ ਬਹੁਤ ਸਾਰੇ ਸੂਬਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਕੁਝ ਨੂੰ ਸੁਧਾਰ ਦੀ ਲੋੜ ਹੈ। ਉਨ੍ਹਾਂ ਕਮਜ਼ੋਰ ਮਾਨਸੂਨ ਦੇ ਅਨੁਮਾਨ ਨੂੰ ਲੈ ਕੇ 14 ਸੂਬਿਆਂ ਲਈ ਚਿਤਾਵਨੀ ਜਾਰੀ ਕੀਤੀ। ਉਨ੍ਹਾਂ ਵੀ. ਬੀ.- ਜੀ. ਰਾਮ ਜੀ ਨਾਲ ਸਬੰਧਤ ਲੋਗੋ ਡਿਜ਼ਾਈਨ ਕਰਨ ਤੇ ਹੋਰ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਕਈ ਕਿਤਾਬਾਂ ਵੀ ਜਾਰੀ ਕੀਤੀਆਂ ਗਈਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

Shubam Kumar

Content Editor

Related News