ਗਿਆਨਵਾਪੀ ਮਾਮਲਾ : ‘ਸ਼ਿਵਲਿੰਗ’ ਦੀ ਕਾਰਬਨ ਡੇਟਿੰਗ ਨਾਲ ਜੁੜੀ ਪਟੀਸ਼ਨ ਖਾਰਜ
Friday, Oct 14, 2022 - 06:17 PM (IST)
ਵਾਰਾਣਸੀ (ਭਾਸ਼ਾ)- ਗਿਆਨਵਾਪੀ ਮਸਜਿਦ ’ਚੋਂ ਮਿਲੇ ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਇਹ ਜਾਣਕਾਰੀ ਸਰਕਾਰੀ ਵਕੀਲ ਰਾਣਾ ਸੰਜੀਵ ਸਿੰਘ ਨੇ ਦਿੱਤੀ।
ਜ਼ਿਲ੍ਹਾ ਜੱਜ ਡਾ. ਏ.ਕੇ. ਵਿਸ਼ਵੇਸ਼ ਨੇ ‘ਸ਼ਿਵਲਿੰਗ’ ਨੂੰ ਸੁਰੱਖਿਅਤ ਰੱਖਣ ਅਤੇ ਉਸ ਦੇ ਨਾਲ ਛੇੜਛਾੜ ਨਾ ਕਰਨ ਨਾਲ ਜੁੜੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਸ਼ਿਵਲਿੰਗ ਦੀ ਵਿਗਿਆਨਕ ਜਾਂਚ ਅਤੇ ਕਾਰਬਨ ਡੇਟਿੰਗ ਦੀ ਮੰਗ ਕਰਨ ਵਾਲੀ ਹਿੰਦੂ ਪਟੀਸ਼ਨਰਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।
ਹਿੰਦੂ ਪੱਖ ਅਤੇ ਮਸਜਿਦ ਕਮੇਟੀ ਦੀਆਂ ਦਲੀਲਾਂ ਮੰਗਲਵਾਰ ਨੂੰ ਪੂਰੀਆਂ ਹੋਣ ਤੋਂ ਬਾਅਦ ਜ਼ਿਲ੍ਹਾ ਅਦਾਲਤ ਨੇ ਫ਼ੈਸਲਾ 14 ਅਕਤੂਬਰ ਤੱਕ ਸੁਰੱਖਿਅਤ ਰੱਖ ਲਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ 5 ਹਿੰਦੂ ਪਾਰਟੀਆਂ ’ਚੋਂ 4 ਨੇ ਕਥਿਤ ‘ਸ਼ਿਵਲਿੰਗ’ ਦੀ ਕਾਰਬਨ ਡੇਟਿੰਗ ਦੀ ਮੰਗ ਕੀਤੀ ਸੀ, ਜੋ ‘ਵਜ਼ੂਖਾਨਾ’ ਨੇੜੇ ਮਸਜਿਦ ਕੰਪਲੈਕਸ ’ਚੋਂ ਅਦਾਲਤ ਵੱਲੋਂ ਲਾਜ਼ਮੀ ਵੀਡੀਓਗ੍ਰਾਫੀ ਸਰਵੇਖਣ ਦੌਰਾਨ ਪਾਇਆ ਗਿਆ ਸੀ। ‘ਵਜ਼ੂਖਾਨਾ’ ਇਕ ਛੋਟਾ ਜਿਹਾ ਤਲਾਅ ਹੈ, ਜੋ ਮੁਸਲਮਾਨਾਂ ਵੱਲੋਂ ਨਮਾਜ਼ ਅਦਾ ਕਰਨ ਤੋਂ ਪਹਿਲਾਂ ਵਜ਼ੂ (ਹੱਥ ਪੈਰ ਆਦਿ ਧੋਣ) ਲਈ ਵਰਤਿਆ ਜਾਂਦਾ ਹੈ। ਮਸਜਿਦ ਕਮੇਟੀ ਨੇ ਕਾਰਬਨ ਡੇਟਿੰਗ ਦੀ ਮੰਗ ਦਾ ਵਿਰੋਧ ਕੀਤਾ ਸੀ।