ਵੈਸ਼ਣੋ ਦੇਵੀ ਜਾ ਰਹੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਮੁੜ ਸ਼ੁਰੂ ਹੋਈ ''ਵੰਦੇ ਭਾਰਤ ਐਕਸਪ੍ਰੈੱਸ''

07/22/2021 5:28:16 PM

ਜੰਮੂ- ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਵੀਰਵਾਰ ਨੂੰ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦੇ ਮੁੜ ਸ਼ੁਰੂ ਹੋਣ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਰੇਲ ਦੇ ਸ਼ੁਰੂ ਹੋਣ ਨਾਲ ਸ਼੍ਰੀ ਮਾਤਾ ਵੈਸ਼ਣੋ ਦੇਵੀ ਗੁਫ਼ਾ ਦੇ ਦਰਸ਼ਨ ਕਰਨ ਵਾਲੇ ਤੀਰਥ ਯਾਤਰੀਆਂ ਨੂੰ ਇਸ ਨਾਲ ਸਹੂਲਤ ਹੋਵੇਗੀ। ਸਿੰਘ ਨੇ ਟਵੀਟ ਕੀਤਾ,''ਵੰਦੇ ਭਾਰਤ ਐਕਸਪ੍ਰੈੱਸ ਦੀ ਵਧਦੀ ਮੰਗ 'ਤੇ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਤੱਕ ਇਸ ਦੀ ਸੇਵਾ ਬਹਾਲ ਕੀਤੀ ਗਈ ਹੈ। ਸਾਰੇ ਤੀਰਥ ਯਾਤਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ।'' ਕੇਂਦਰੀ ਮੰਤਰੀ ਨੇ ਕਿਹਾ,''ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਰੇਲ ਮੁਲਤਵੀ ਕੀਤੀ ਗਈ ਸੀ ਪਰ ਰੇਲਵੇ ਸੇਵਾਵਾਂ ਨੂੰ ਜਲਦ ਤੋਂ ਜਲਦ ਵੰਦੇ ਭਾਰਤ ਐਕਸਪ੍ਰੈੱਸ ਨਾਲ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।'' ਉਨ੍ਹਾਂ ਕਿਹਾ,''ਵਿਸ਼ੇਸ਼ ਰੂਪ ਨਾਲ ਤੀਰਥ ਯਾਤਰੀਆਂ ਲਈ ਵੰਦੇ ਭਾਰਤ ਰੇਲ ਯਕੀਨੀ ਕਰਨ ਲਈ ਮੋਦੀ ਸਰਕਾਰ ਨੇ ਆਪਣੀ ਵਚਨਬੱਧਤਾ ਪੂਰੀ ਕੀਤੀ ਹੈ। ਇਸ ਰੇਲ ਨੂੰ ਮੁੜ ਸ਼ੁਰੂ ਕਰਨ ਲਈ ਵਪਾਰ ਉਦਯੋਗ ਸਮੇਤ ਕੱਟੜਾ ਦੇ ਸਥਾਨਕ ਲੋਕਾਂ ਦੀ ਵੀ ਮੰਗ ਸੀ।''

PunjabKesari

ਉਨ੍ਹਾਂ ਕਿਹਾ ਕਿ ਵੰਦੇਭਾਰਤ ਐਕਸਪ੍ਰੈੱਸ ਮੁੜ ਸ਼ੁਰੂ ਹੋਣ ਨਾਲ ਸ਼੍ਰੀ ਮਾਤਾ ਵੈਸ਼ਣੋ ਦੇਵੀ ਦੀ ਗੁਫ਼ਾ ਦੇ ਦਰਸ਼ਨ ਕਰਨ ਲਈ ਯਕੀਨੀ ਰੂਪ ਨਾਲ ਤੀਰਥ ਯਾਤਰੀਆਂ ਦੀ ਗਿਣਤੀ 'ਚ ਵਾਧਾ ਹੋਵੇਗਾ। ਦੇਸ਼ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਜੰਮੂ ਕਸ਼ਮੀਰ 'ਚ ਵੀ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ ਲੱਗੀ ਹੈ। ਜੰਮੂ ਦੇ ਰਿਆਸੀ ਜ਼ਿਲ੍ਹੇ 'ਚ ਕੱਟੜਾ ਦੇ ਤ੍ਰਿਕੁਟਾ ਪਹਾੜੀਆਂ 'ਚ ਸਥਿਤ ਸ਼੍ਰੀ ਮਾਤਾ ਵੈਸ਼ਣੋ ਦੇਵੀ ਗੁਫ਼ਾ ਤੀਰਥ ਸਥਾਨ 'ਤੇ ਵੀ ਹੁਣ ਤੀਰਥ  ਯਾਤਰੀਆਂ ਦੀ ਗਿਣਤੀ ਵਧਣ ਲੱਗੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ 6 ਮਹੀਨਿਆਂ 'ਚ 18 ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਭਵਨ ਦੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦੇ ਕੇ ਕਿਹਾ,''ਤੀਰਥ ਯਾਤਰੀਆਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਸਰਕਾਰ ਦੇ ਪ੍ਰੋਟੋਕਾਲ ਅਨੁਸਾਰ ਆਪਣੇ ਨਾਲ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਲੈ ਕੇ ਆਉਣੀ ਜ਼ਰੂਰੀ ਹੈ।


DIsha

Content Editor

Related News