ਵੈਸ਼ਣੋ ਦੇਵੀ ਯਾਤਰਾ ਮਾਰਗ ''ਤੇ ਬੰਦ ਹੋ ਗਈਆਂ ਸਾਰੀਆਂ ਦੁਕਾਨਾਂ!

Friday, Nov 22, 2024 - 07:56 PM (IST)

ਕਟੜਾ : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ 'ਚ ਸਥਿਤ ਵੈਸ਼ਣੋ ਦੇਵੀ ਯਾਤਰਾ ਦੇ ਪੁਰਾਣੇ ਰੂਟ 'ਤੇ ਕੰਮ ਕਰਨ ਵਾਲੇ ਘੋੜਾ ਚਾਲਕ ਅਤੇ ਦੁਕਾਨਦਾਰ ਰੋਪਵੇਅ ਨਾ ਲਗਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਯਾਤਰਾ ਰੂਟ 'ਤੇ ਵਪਾਰੀਆਂ ਨੇ 72 ਘੰਟਿਆਂ ਲਈ ਆਪਣੇ ਅਦਾਰੇ ਬੰਦ ਰੱਖੇ ਹੋਏ ਹਨ। ਇਸ ਬੰਦ ਕਾਰਨ ਪੁਰਾਣੇ ਰੂਟ ’ਤੇ ਘੋੜਾ ਅਤੇ ਗੱਡੀਆਂ ਦੀ ਸੇਵਾ ਵੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਈ। ਘੋੜਾ ਪਿੱਟੂ ਸੇਵਾ ਬੰਦ ਹੋਣ ਕਾਰਨ ਯਾਤਰੀਆਂ ਨੂੰ ਵੀ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇਸ ਦੌਰਾਨ ਕਟੜਾ ਦੇ ਸਾਰੇ ਅਦਾਰੇ ਖੁੱਲ੍ਹੇ ਰਹੇ।

ਇਸ ਦੌਰਾਨ ਪ੍ਰਦਰਸ਼ਨਕਾਰੀ ਕਟੜਾ ਦੇ ਮੁੱਖ ਬਾਜ਼ਾਰ ਵਿੱਚੋਂ ਦੀ ਲੰਘਦੇ ਹੋਏ ਜਲੂਸ ਦੇ ਰੂਪ ਵਿੱਚ ਮੁੱਖ ਚੌਰਾਹੇ ’ਤੇ ਪੁੱਜੇ। ਜਿੱਥੇ ਧਰਨੇ ਦੌਰਾਨ ਨਾਅਰੇਬਾਜ਼ੀ ਕੀਤੀ ਗਈ। ਸੋਨੂੰ ਠਾਕੁਰ, ਪ੍ਰਭਾਤ ਸਿੰਘ, ਰਾਜਕੁਮਾਰ ਸਮੇਤ ਵਰਕਰਾਂ ਨੇ ਕਿਹਾ ਕਿ ਉਹ ਰੋਪਵੇਅ ਦੇ ਖਿਲਾਫ ਹਨ ਅਤੇ ਕਿਸੇ ਵੀ ਹਾਲਤ ਵਿੱਚ ਰੋਪਵੇਅ ਨਹੀਂ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਪੁਰਾਤਨ ਤੀਰਥ ਮਾਰਗ 'ਤੇ ਲੋਕਾਂ ਦੀ ਆਸਥਾ ਹੈ ਅਤੇ ਸ਼ਰਧਾਲੂ ਯਾਤਰਾ ਦੌਰਾਨ ਬਾਂਗੰਗਾ ਅਤੇ ਚਰਨ ਪਾਦੁਕਾ ਵਿਖੇ ਮੱਥਾ ਟੇਕ ਕੇ ਅੱਗੇ ਵਧਦੇ ਹਨ, ਪਰ ਸ਼ਰਾਈਨ ਬੋਰਡ ਵੱਲੋਂ ਤਾਰਾ ਕੋਟ ਤੋਂ ਰੋਪਵੇਅ ਬਣਾਏ ਜਾਣ ਕਾਰਨ ਇਨ੍ਹਾਂ ਅਸਥਾਨਾਂ 'ਤੇ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ।

ਯਾਤਰਾ ਦੇ ਰੂਟ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਈ ਪੀੜ੍ਹੀਆਂ ਤੋਂ ਮਾਤਾ ਵੈਸ਼ਣੋ ਦੇਵੀ ਦੇ ਭਗਤਾਂ ਦੀ ਸੇਵਾ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਆ ਰਹੇ ਹਨ। ਅਜਿਹੇ 'ਚ ਜੇਕਰ ਰੋਪਵੇਅ ਲਗਾਇਆ ਜਾਂਦਾ ਹੈ ਤਾਂ ਉਨ੍ਹਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਵੇਗਾ। ਉਨ੍ਹਾਂ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਤੋਂ ਮੰਗ ਕੀਤੀ ਕਿ ਉਹ ਗਰੀਬਾਂ ਦੇ ਅਧਿਕਾਰਾਂ ਨੂੰ ਧਿਆਨ 'ਚ ਰੱਖਦੇ ਹੋਏ ਰੋਪਵੇਅ ਪ੍ਰਾਜੈਕਟ ਨੂੰ ਬੰਦ ਕਰਨ।

ਕੀ ਕਹਿੰਦੇ ਹਨ ਸੀਈਓ ਸ਼ਰਾਈਨ ਬੋਰਡ?
ਇਸ ਸਬੰਧੀ ਸੀਈਓ ਸ਼ਰਾਈਨ ਬੋਰਡ ਅੰਸ਼ੁਲ ਗਰਗ ਨੇ ਦੱਸਿਆ ਕਿ ਬੋਰਡ ਪ੍ਰਸ਼ਾਸਨ ਸ਼ਰਧਾਲੂਆਂ ਦੀ ਸਹੂਲਤ ਲਈ ਰੋਪਵੇਅ ਲਗਾ ਰਿਹਾ ਹੈ, ਜਿਸ ਦਾ ਫੈਸਲਾ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਦੇ ਰੁਜ਼ਗਾਰ ਸਬੰਧੀ ਮੁੱਦਿਆਂ ਨੂੰ ਦੂਰ ਕਰਨ ਲਈ ਡਵੀਜ਼ਨਲ ਕਮਿਸ਼ਨਰ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਸਥਾਨਕ ਲੋਕਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਰਾਣੇ ਯਾਤਰਾ ਮਾਰਗ ਨੂੰ ਤਾਰਾਕੋਟ ਰੋਪਵੇਅ ਨਾਲ ਜੋੜਨ ਲਈ ਟ੍ਰੈਕ ਬਣਾਉਣ ਦਾ ਵੀ ਪ੍ਰਬੰਧ ਹੈ।


Baljit Singh

Content Editor

Related News