ਉਤਰਾਖੰਡ : 16 ਪਿੰਡਾਂ ''ਚ 6 ਮਹੀਨਿਆਂ ''ਚ ਇਕ ਵੀ ਬੱਚੀ ਨੇ ਨਹੀਂ ਲਿਆ ਜਨਮ

Monday, Jul 22, 2019 - 06:00 PM (IST)

ਉਤਰਾਖੰਡ : 16 ਪਿੰਡਾਂ ''ਚ 6 ਮਹੀਨਿਆਂ ''ਚ ਇਕ ਵੀ ਬੱਚੀ ਨੇ ਨਹੀਂ ਲਿਆ ਜਨਮ

ਉਤਰਕਾਸ਼ੀ— ਉਤਰਾਖੰਡ ਦੇ ਉਤਰਕਾਸ਼ੀ ਜ਼ਿਲੇ ਦੇ 16 ਪਿੰਡਾਂ 'ਚ ਪਿਛਲੇ 6 ਮਹੀਨਿਆਂ ਦੌਰਾਨ ਇਕ ਵੀ ਬੱਚੀ ਪੈਦਾ ਨਹੀਂ ਹੋਈ, ਜਿਸ ਨਾਲ ਅਧਿਕਾਰੀਆਂ 'ਚ ਇਸ ਗੱਲ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਕਿ ਕਿਤੇ ਖੇਤਰ 'ਚ ਚੱਲ ਰਹੇ ਕਲੀਨਿਕਾਂ ਅਤੇ ਹੋਰ ਮੈਡੀਕਲ ਸੈਂਟਰਾਂ ਵਲੋਂ ਭਰੂਣ ਦੇ ਲਿੰਗ ਦੀ ਪਛਾਣ ਕਰਨ ਵਾਲੇ ਟੈਸਟ ਤਾਂ ਨਹੀਂ ਕਰਵਾਏ ਜਾ ਰਹੇ। ਉਤਰਕਾਸ਼ੀ ਦੇ ਜ਼ਿਲਾ ਅਧਿਕਾਰੀ ਆਸ਼ੀਸ਼ ਚੌਹਾਨ ਨੇ ਦੱਸਿਆ ਕਿ ਅੰਕੜਿਆਂ ਤੋਂ ਖੁਲਾਸਾ ਹੋਇਆ ਹੈ ਕਿ ਜ਼ਿਲੇ ਦੇ ਭਟਵਾੜੀ, ਡੁੰਡਾ ਅਤੇ ਚਿਨਯਾਲੀਸੌਡ ਬਲਾਕਾਂ ਦੇ 16 ਪਿੰਡਾਂ 'ਚ ਪਿਛਲੇ 6 ਮਹੀਨਿਆਂ ਦੌਰਾਨ ਇਕ ਵੀ ਬੱਚੀ ਪੈਦਾ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਮਿਆਦ 'ਚ ਇਨ੍ਹਾਂ ਪਿੰਡਾਂ 'ਚ 65 ਬੱਚੇ ਪੈਦਾ ਹੋਏ ਪਰ ਉਨ੍ਹਾਂ 'ਚੋਂ ਇਕ ਵੀ ਕੁੜੀ ਨਹੀਂ ਹੈ। ਜ਼ਿਲੇ ਦੇ 66 ਹੋਰ ਪਿੰਡਾਂ 'ਚ ਇਸ ਮਿਆਦ ਦੌਰਾਨ ਪੈਦਾ ਹੋਏ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਵੀ ਕਾਫ਼ੀ ਘੱਟ ਦਰਜ ਕੀਤੀ ਗਈ ਹੈ।

ਕੰਨਿਆ ਸ਼ਿਸ਼ੂ ਅਨੁਪਾਤ ਹੋਇਆ ਬਿਹਤਰ
ਜ਼ਿਲਾ ਅਧਿਕਾਰੀ ਨੇ ਕਿਹਾ ਕਿ ਉਕਤ ਪਿੰਡਾਂ ਦਾ ਸਰਵੇਖਣ ਕਰਨ ਲਈ ਜ਼ਿਲਾ ਪੱਧਰੀ ਅਧਿਕਾਰੀਆਂ ਦੀ ਇਕ ਟੀਮ ਗਠਿਤ ਕੀਤੀ ਗਈ ਹੈ, ਜੋ ਪਤਾ ਲਗਾਏਗੀ ਕਿ ਕੀ ਖੇਤਰ 'ਚ ਚੱਲ ਰਹੇ ਮੈਡੀਕਲ ਸੈਂਟਰਾਂ 'ਚ ਗੁਪਤ ਤਰੀਕੇ ਨਾਲ ਲਿੰਗ ਭਰੂਣ ਦੀ ਪਛਾਣ ਲਈ ਪ੍ਰੀਖਣ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੈਡੀਕਲ ਵਿਭਾਗ ਨੂੰ ਵੀ ਇਹ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ ਗਰਭਵਤੀ ਔਰਤਾਂ ਨੇ ਕਿਸ ਮਹੀਨੇ ਰਿਪ੍ਰੋਡਕਟਿਵ ਐਂਡ ਚਾਈਲਡ ਹੈਲਥ ਪੋਰਟਲ 'ਤੇ ਆਪਣਾ ਰਜਿਸਟਰੇਸ਼ਨ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਇਸ ਦੇ ਆਧਾਰ 'ਤੇ ਵਿਭਾਗ ਸ਼ੱਕੀ ਪਰਿਵਾਰਾਂ ਦੇ ਪ੍ਰੋਫਾਈਲ ਚੈੱਕ ਕਰੇਗਾ। ਚੌਹਾਨ ਨੇ ਦੱਸਿਆ ਕਿ ਟੀਮਾਂ ਨੂੰ ਇਕ ਹਫਤੇ ਦੇ ਅੰਦਰ ਆਪਣੀ ਰਿਪੋਰਟ ਜਮ੍ਹਾ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜੇਕਰ ਕੁੱਲ-ਮਿਲਾ ਕੇ ਦੇਖੀਏ ਤਾਂ ਜ਼ਿਲੇ 'ਚ ਕੰਨਿਆ ਸ਼ਿਸ਼ੂ ਅਨੁਪਾਤ ਬਿਹਤਰ ਹੋਇਆ ਹੈ ਅਤੇ ਕੁੱਲ 935 ਡਿਲਵਰੀ 'ਚੋਂ 439 ਕੁੜੀਆਂ ਪੈਦਾ ਹੋਈਆਂ ਹਨ।


author

DIsha

Content Editor

Related News