ਚਮੋਲੀ 'ਚ ਗਲੇਸ਼ੀਅਰ ਟੁੱਟਣ ਕਾਰਨ ਭਾਰੀ ਤਬਾਹੀ, ਹਰਿਦੁਆਰ 'ਚ ਹਾਈ ਅਲਰਟ, ਤਸਵੀਰਾਂ 'ਚ ਦੇਖੋ ਮੰਜ਼ਰ
Sunday, Feb 07, 2021 - 12:52 PM (IST)
ਚਮੋਲੀ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਗਲੇਸ਼ੀਅਰ ਫਟਣ ਕਾਰਨ ਭਾਰੀ ਤਬਾਹੀ ਹੋ ਗਈ ਹੈ। ਗਲੇਸ਼ੀਅਰ ਫਟਣ ਕਾਰਨ ਧੌਲੀ ਗੰਗਾ 'ਚ ਹੜ੍ਹ ਆ ਗਿਆ ਹੈ। ਇਸ ਨਾਲ ਚਮੋਲੀ ਤੋਂ ਹਰਿਦੁਆਰ ਤੱਕ ਖ਼ਤਰਾ ਵਧ ਗਿਆ ਹੈ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਰਵਾਨਾ ਹੋ ਗਈ ਹੈ। ਪੋਸਟ ਜੋਸ਼ੀਮਠ ਤੋਂ ਹੈੱਡ ਕਾਂਸਟੇਬਲ ਮੰਗਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਜੋਸ਼ੀਮਠ ਤੋਂ ਸੂਚਨਾ ਮਿਲੀ ਕਿ ਰੈਣੀ ਪਿੰਡ 'ਚ ਗਲੇਸ਼ੀਅਰ ਫੱਟ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨ ਟੀਮ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋ ਗਈ ਹੈ। ਗਲੇਸ਼ੀਅਰ ਟੁੱਟਣ ਦੀ ਖ਼ਬਰ ਤੋਂ ਬਾਅਦ ਸ਼੍ਰੀਨਗਰ 'ਚ ਧਾਰੀ ਦੇਵੀ ਮੰਦਰ ਨੂੰ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਹੈ।
ਉੱਥੇ ਹੀ ਉੱਚ ਜ਼ਿਲ੍ਹਾ ਅਧਿਕਾਰੀ ਟਿਹਰੀ ਸ਼ਿਵ ਚਰਨ ਦਿਵੇਦੀ ਨੇ ਦੱਸਿਆ ਕਿ ਧੌਲੀ ਨਦੀ 'ਚ ਹੜ੍ਹ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਸਾਰੇ ਥਾਣਿਆਂ ਅਤੇ ਨਦੀ ਕਿਨਾਰੇ ਰਹਿੰਦੀ ਆਬਾਦੀ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਉੱਥੇ ਹੀ ਸ਼੍ਰੀਨਗਰ ਜਲ ਬਿਜਲੀ ਪ੍ਰਾਜੈਕਟ ਨੂੰ ਝੀਲ ਦਾ ਪਾਣੀ ਘੱਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਤਾਂ ਕਿ ਅਲਕਨੰਦਾ ਦਾ ਜਲ ਪੱਧਰ ਵੱਧਣ 'ਤੇ ਵਾਧੂ ਪਾਣੀ ਛੱਡਣ 'ਚ ਪਰੇਸ਼ਾਨੀ ਨਾ ਹੋਵੇ। ਗਲੇਸ਼ੀਅਰ ਫਟਣ ਤੋਂ ਬਾਅਦ ਬੰਨ੍ਹ ਟੁੱਟ ਗਿਆ, ਜਿਸ ਨਾਲ ਨਦੀਆਂ 'ਚ ਹੜ੍ਹ ਆ ਗਿਆ ਹੈ। ਤਪੋਵਨ ਬੈਰਾਜ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਹੈ। ਸ਼੍ਰੀਨਗਰ 'ਚ ਪ੍ਰਸ਼ਾਸਨ ਨੇ ਨਦੀ ਕਿਨਾਰੇ ਬਸਤੀਆਂ 'ਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਚ ਜਾਣ ਦੀ ਅਪੀਲ ਕੀਤੀ ਹੈ।