ਚਾਰਧਾਮ ਯਾਤਰਾ ਲਈ 2.50 ਲੱਖ ਸ਼ਰਧਾਲੂਆਂ ਨੇ ਕਰਵਾਇਆ ਰਜਿਸਟਰੇਸ਼ਨ, ਜਾਣੋਂ ਕਦੋਂ ਖੁੱਲ੍ਹਣਗੇ ਧਾਮਾਂ ਦੇ ਕਿਵਾੜ

03/13/2023 10:57:42 AM

ਦੇਹਰਾਦੂਨ (ਏਜੰਸੀ)- ਉੱਤਰਾਖੰਡ ਸੈਰ-ਸਪਾਟਾ ਵਿਕਾਸ ਪ੍ਰੀਸ਼ਦ (ਯੂ.ਟੀ.ਡੀ.ਸੀ.) ਨੇ ਸੋਮਵਾਰ ਨੂੰ ਕਿਹਾ ਕਿ ਚਾਰਧਾਮ ਯਾਤਰਾ ਲਈ ਹੁਣ ਤੱਕ 2.50 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟਰੇਸ਼ਨ ਕਰਵਾਇਆ ਹੈ। ਕੇਦਾਰਨਾਥ ਧਾਮ ਲਈ 1.39 ਲੱਖ ਰਜਿਸਟਰੇਸ਼ਨ ਹੋ ਚੁੱਕੇ ਹਨ। ਯੂ.ਟੀ.ਡੀ.ਸੀ. ਨੇ ਕਿਹਾ ਕਿ ਬਦਰੀਨਾਥ ਧਾਮ ਜਾਣ ਲਈ 1.14 ਲੱਖ ਰਜਿਸਟਰੇਸ਼ਨ ਕੀਤੇ ਗਏ ਹਨ। ਗੰਗੋਤਰੀ-ਯਮੁਨੋਤਰੀ ਦੇ ਕਿਵਾੜ 22 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ, ਜਦੋਂ ਕਿ ਕੇਦਾਰਨਾਥ 25 ਅਪ੍ਰੈਲ ਅਤੇ ਬਦਰੀਨਾਥ ਧਾਮ ਦੇ ਕਿਵਾੜ 27 ਅਪ੍ਰੈਲ ਨੂੰ ਖੁੱਲ੍ਹਣਗੇ।

ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਨੇ ਚਾਰਧਾਮ ਯਾਤਰਾ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਦੱਸਿਆ,''ਜ਼ਿਲ੍ਹਾ ਪ੍ਰਸ਼ਾਸਨ ਨੇ ਕੇਦਾਰਨਾਥ ਧਾਮ ਅਤੇ ਕੇਦਾਰਨਾਥ ਦੇ ਪੈਦਲ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉੱਤਰਾਖੰਡ ਸੈਰ-ਸਪਾਟਾ ਵਿਕਾਸ ਪ੍ਰੀਸ਼ਦ ਨੇ ਪਹਿਲਾਂ ਕਿਹਾ ਸੀ ਕਿ ਉਹ ਚਾਰਧਾਮ ਯਾਤਰਾ ਦੌਰਾਨ ਦਰਸ਼ਨ ਲਈ ਟੋਕਨ ਜਾਰੀ ਕਰੇਗੀ। ਉੱਤਰਾਖੰਡ 'ਚ ਚਾਰਧਾਮ ਯਾਤਰਾ ਭਾਰਤ 'ਚ ਸਭ ਤੋਂ ਲੋਕਪ੍ਰਿਯ ਹਿੰਦੂ ਤੀਰਥ ਸਥਾਨਾਂ 'ਚੋਂ ਇਕ ਹੈ। ਇਹ ਤੀਰਥ ਚਾਰ ਪਵਿੱਤਰ ਸਥਾਨਾਂ ਦੀ ਯਾਤਰਾ ਹੈ- ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ। ਇਹ ਹਿਮਾਲਿਆ 'ਚ ਉੱਚ ਸਥਾਨ 'ਤੇ ਸਥਿਤ ਹਨ। ਉੱਚਾਈ ਵਾਲੇ ਮੰਦਰ ਹਰ ਸਾਲ ਲਗਭਗ 6 ਮਹੀਨੇ ਬੰਦ ਰਹਿੰਦੇ ਹਨ, ਗਰਮੀਆਂ 'ਚ (ਅਪ੍ਰੈਲ ਜਾਂ ਮਈ) ਖੁੱਲ੍ਹਦੇ ਹਨ ਅਤੇ ਸਰਦੀਆਂ ਦੀ ਸ਼ੁਰੂਆਤ ਨਾਲ ਬੰਦ ਹੋ ਜਾਂਦੇ ਹਨ।


DIsha

Content Editor

Related News