ਭਾਰਤ-ਪਾਕਿ ਸਬੰਧਾਂ ਨੂੰ ਲੈ ਕੇ ਅਮਰੀਕਾ ਦਾ ਸੁਝਾਅ, ਕਿਹਾ-ਦੋਵਾਂ ਦੇਸ਼ਾਂ ਵਿਚਾਲੇ ਨਹੀਂ ਵੇਖਣਾ ਚਾਹੁੰਦੇ ਸ਼ਬਦੀ ਜੰਗ
Tuesday, Dec 20, 2022 - 10:38 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੀ ਬਿਹਤਰੀ ਲਈ ਦੋਵਾਂ ਦੇਸ਼ਾਂ ਵਿਚਾਲੇ ਸਾਰਥਕ ਗੱਲਬਾਤ ਜ਼ਰੂਰੀ ਹੈ ਅਤੇ ਇਨ੍ਹਾਂ ਵਿਚੋਂ ਕਿਸੇ ਦੇ ਨਾਲ ਵੀ ਉਸ ਦੇ ਸਬੰਧਾਂ ਦਾ ਮਤਲਬ ਕਿਸੇ ਇਕ ਦਾ ਫਾਇਦਾ ਜਾਂ ਦੂਜੇ ਦਾ ਨੁਕਸਾਨ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਸੋਮਵਾਰ ਨੂੰ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਕਿਹਾ, ''ਭਾਰਤ ਨਾਲ ਸਾਡੀ ਵਿਸ਼ਵ ਰਣਨੀਤਕ ਭਾਈਵਾਲੀ ਹੈ। ਮੈਂ ਪਾਕਿਸਤਾਨ ਨਾਲ ਸਾਡੇ ਡੂੰਘੇ ਸਬੰਧਾਂ ਬਾਰੇ ਵੀ ਗੱਲ ਕੀਤੀ ਹੈ। ਇਨ੍ਹਾਂ ਸਬੰਧਾਂ ਦਾ ਮਤਲਬ ਕਿਸੇ ਇੱਕ ਦਾ ਫਾਇਦਾ ਜਾਂ ਦੂਜੇ ਦਾ ਨੁਕਸਾਨ ਨਹੀਂ ਹੈ। ਅਸੀਂ ਇਨ੍ਹਾਂ ਨੂੰ ਇੱਕ-ਦੂਜੇ ਨਾਲ ਜੋੜ ਕੇ ਨਹੀਂ ਦੇਖਦੇ।' ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨਾਲ ਸਾਡੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਦੋਵੇਂ ਸਬੰਧ ਬਹੁਤ ਜ਼ਰੂਰੀ ਹਨ। ਪ੍ਰਾਈਸ ਨੇ ਕਿਹਾ, ''ਹਕੀਕਤ ਇਹ ਹੈ ਕਿ ਸਾਡੀ ਦੋਵਾਂ ਦੇਸ਼ਾਂ ਨਾਲ ਸਾਂਝੇਦਾਰੀ ਹੈ ਅਤੇ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਬਦੀ ਜੰਗ ਨਹੀਂ ਦੇਖਣਾ ਚਾਹੁੰਦੇ। ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਰਥਕ ਗੱਲਬਾਤ ਦੇਖਣਾ ਚਾਹੁੰਦੇ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਪਾਕਿਸਤਾਨੀ ਅਤੇ ਭਾਰਤੀ ਲੋਕਾਂ ਦੀ ਬਿਹਤਰੀ ਲਈ ਜ਼ਰੂਰੀ ਹੈ। ਅਸੀਂ ਦੋ-ਪੱਖੀ ਤੌਰ 'ਤੇ ਇਕੱਠੇ ਬਹੁਤ ਕੁਝ ਕਰ ਸਕਦੇ ਹਾਂ।'
ਇਹ ਵੀ ਪੜ੍ਹੋ: ਪਾਕਿ ਦੇ ਸਾਬਕਾ PM ਇਮਰਾਨ ਖਾਨ ਬੋਲੇ, 'ਭਾਰਤ ਨਾਲ ਸਬੰਧ ਸੁਧਾਰਨਾ ਚਾਹੁੰਦਾ ਸੀ, ਪਰ...'
ਉਨ੍ਹਾਂ ਕਿਹਾ, “ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁਝ ਮਤਭੇਦ ਹਨ ਜਿਨ੍ਹਾਂ ਨੂੰ ਨਿਸ਼ਚਿਤ ਤੌਰ 'ਤੇ ਸੁਲਝਾਉਣ ਦੀ ਲੋੜ ਹੈ। ਅਮਰੀਕਾ ਇਕ ਭਾਈਵਾਲ ਦੇ ਤੌਰ 'ਤੇ ਦੋਵਾਂ ਦੀ ਮਦਦ ਲਈ ਤਿਆਰ ਹੈ।' ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ, "ਅਸੀਂ ਭਾਰਤ ਦੇ ਨਾਲ ਆਪਣੀ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ ਹੈ, ਸਾਡਾ ਇੱਕ ਅਜਿਹਾ ਰਿਸ਼ਤਾ ਵੀ ਹੈ ਜਿਸ ਵਿੱਚ ਅਸੀਂ ਇੱਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ। ਸਾਡੇ ਵਿੱਚ ਅਸਹਿਮਤੀ ਜਾਂ ਚਿੰਤਾਵਾਂ ਹੋ ਸਕਦੀਆਂ ਹਨ, ਅਸੀਂ ਉਨ੍ਹਾਂ ਨਾਲ ਇਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਜਿਵੇਂ ਅਸੀਂ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਗੱਲ ਕਰਦੇ ਹਾਂ।' ਇਕ ਹੋਰ ਸਵਾਲ ਦੇ ਜਵਾਬ ਵਿਚ ਪ੍ਰਾਈਸ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ ਇਹ ਯੁੱਧ ਦਾ ਦੌਰ ਨਹੀਂ ਹੈ ਤਾਂ ਦੁਨੀਆ ਭਰ ਦੇ ਦੇਸ਼ਾਂ ਨੇ ਇਸ ਬਿਆਨ ਦਾ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ, ''ਇਹ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੇ ਰੂਸ ਨਾਲ ਅਜਿਹੇ ਸਬੰਧ ਹਨ ਜੋ ਅਮਰੀਕਾ ਦੇ ਨਹੀਂ ਹਨ। ਮੈਂ ਇਹ ਕਹਿਣਾ ਚਾਹਾਂਗਾ ਕਿ ਦਹਾਕਿਆਂ ਤੋਂ ਰੂਸ ਨੇ ਭਾਰਤ ਨੂੰ ਭਾਈਵਾਲ ਬਣਾਉਣ ਲਈ ਕੰਮ ਕੀਤਾ ਹੈ, ਜੋ ਉਸ ਸਮੇਂ ਅਮਰੀਕਾ ਨੇ ਨਹੀਂ ਕੀਤਾ ਸੀ। ਸਪੱਸ਼ਟ ਹੈ ਕਿ ਇਹ ਹਾਲ ਹੀ ਦੇ ਦਹਾਕਿਆਂ ਵਿੱਚ ਬਦਲ ਗਿਆ ਹੈ।'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।