ਅਮਰੀਕੀ ਰੱਖਿਆ ਮੰਤਰੀ ਆਸਟਿਨ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਚੁੱਕ ਸਕਦੇ ਐੱਸ-400 ਡੀਲ ਦਾ ਮੁੱਦਾ
Saturday, Mar 20, 2021 - 01:31 AM (IST)
ਨਵੀਂ ਦਿੱਲੀ/ਵਾਸ਼ਿੰਗਟਨ - ਅਮਰੀਕਾ ਦੇ ਰੱਖਿਆ ਮੰਤਰੀ ਲਾਯਡ ਆਸਟਿਨ 3 ਦਿਨ ਦੀ ਯਾਤਰਾ 'ਤੇ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਭਾਰਤ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ (ਐੱਨ. ਐੱਸ. ਏ.) ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ੀ ਯਾਤਰਾ ਹੈ। ਉਹ 21 ਮਾਰਚ ਤੱਕ ਭਾਰਤ ਦੇ ਦੌਰੇ 'ਤੇ ਰਹਿਣਗੇ। ਆਸਟਿਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਗੱਲਬਾਤ ਵਿਚ ਡਿਫੈਂਸ ਡੀਲ 'ਤੇ ਵੀ ਸਹਿਮਤੀ ਬਣ ਸਕਦੀ ਹੈ। ਆਸਟਿਨ ਅਤੇ ਰਾਜਨਾਥ ਸਿੰਘ ਵਿਚਾਲੇ ਇੰਡੋ ਪੈਸੇਫਿਕ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਮੁੱਦੇ 'ਤੇ ਵੀ ਚਰਚਾ ਹੋ ਸਕਦੀ ਹੈ।
ਰੂਸ ਨਾਲ ਐੱਸ-400 ਡੀਲ ਦਾ ਮੁੱਦਾ ਚੁੱਕ ਸਕਦੇ ਹਨ ਆਸਟਿਨ
ਅਮਰੀਕੀ ਸੈਨੇਟ ਦੀ ਵਿਦੇਸ਼ ਸਬੰਧੀ ਕਮੇਟੀ ਦੇ ਮੁਖੀ ਬਾਬ ਮੈਨੇਂਡੇਜ ਨੇ ਆਸਟਿਨ ਦੇ ਭਾਰਤ ਦੌਰੇ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਚਿੱਠੀ ਲਿਖੀ। ਇਸ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਮੈਨੇਂਡੇਜ਼ ਨੇ ਚਿੱਠੀ ਵਿਚ ਆਸਟਿਨ ਤੋਂ ਭਾਰਤ ਦੀ ਯਾਤਰਾ ਦਰਮਿਆਨ ਐੱਸ-400 ਡੀਲ ਦਾ ਮੁੱਦਾ ਉਠਾਉਣ ਲਈ ਆਖਿਆ ਹੈ।
ਮੈਨੇਂਡੇਜ਼ ਨੇ ਚਿੱਠੀ ਵਿਚ ਲਿਖਿਆ ਹੈ ਕਿ ਤੁਸੀਂ ਭਾਰਤੀ ਅਧਿਕਾਰੀਆਂ ਨੂੰ ਇਹ ਸਪੱਸ਼ਟ ਤੌਰ 'ਤੇ ਦੱਸ ਦਿਓ ਕਿ ਅਮਰੀਕਾ ਨੂੰ ਭਾਰਤ ਅਤੇ ਰੂਸ ਦੀ ਇਹ ਡੀਲ ਪਸੰਦ ਨਹੀਂ ਹੈ। ਇਸ ਤੋਂ ਬਾਅਦ ਜੇ ਭਾਰਤ ਰੂਸ ਤੋਂ ਐੱਸ-400 ਖਰੀਦਦਾ ਹੈ ਤਾਂ ਉਸ 'ਤੇ 'ਕਾਉਂਟਿੰਗ ਅਮਰੀਕਾ ਐਡਵਰਸਰੀਜ਼ ਫਾਰ ਸੈਕਸ਼ਨ' (ਸੀ. ਏ. ਏ. ਟੀ. ਐੱਸ. ਏ.) ਅਧੀਨ ਪਾਬੰਦੀਆਂ ਲਾਈਆਂ ਜਾਣਗੀਆਂ। ਇਸ ਨਾਲ ਅਮਰੀਕਾ ਅਤੇ ਭਾਰਤ ਦਰਮਿਆਨ ਮਿਲਟਰੀ ਤਕਨਾਲੋਜੀ ਲਈ ਚੱਲ ਰਹੀ ਡਿਵੈੱਲਪਮੈਂਟ ਵੀ ਹੌਲੀ ਹੋ ਜਾਵੇਗੀ। ਦਰਅਸਲ ਅਮਰੀਕੀ ਕੰਪਨੀ ਬੋਇੰਗ ਅਤੇ ਲਾਕਹੇੱਡ ਵੀ ਆਪਣੇ ਲੜਾਕੂ ਜਹਾਜ਼ ਭਾਰਤ ਨੂੰ ਵੇਚਣਾ ਚਾਹੁੰਦੀ ਹੈ, ਜਿਸ ਦੇ ਚੱਲਦੇ ਅਮਰੀਕਾ ਰੂਸ ਨਾਲ ਹੋਈ ਭਾਰਤ ਦੀ ਐੱਸ-400 ਦੀ ਡੀਲ ਨੂੰ ਰੋਕਣਾ ਚਾਹੁੰਦਾ ਹੈ।