ਕਰਨਾਟਕ ਵਿਧਾਨ ਸਭਾ ’ਚ ਹੰਗਾਮਾ, ਚੇਅਰ ਵੱਲ ਸੁੱਟੇ ਗਏ ਕਾਗਜ਼

Friday, Jul 21, 2023 - 06:36 PM (IST)

ਕਰਨਾਟਕ ਵਿਧਾਨ ਸਭਾ ’ਚ ਹੰਗਾਮਾ, ਚੇਅਰ ਵੱਲ ਸੁੱਟੇ ਗਏ ਕਾਗਜ਼

ਬੈਂਗਲੁਰੂ, (ਭਾਸ਼ਾ)- ਕਰਨਾਟਕ ਵਿਧਾਨ ਸਭਾ ’ਚ ਬੁੱਧਵਾਰ ਨੂੰ ਜ਼ੋਰਦਾਰ ਹੰਗਾਮਾ ਹੋਇਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੈਂਬਰਾਂ ਨੇ ਚੇਅਰ ਵੱਲ ਕਾਗਜ਼ ਸੁੱਟੇ। ਉਹ ਲੰਚ ਬ੍ਰੇਕ ਤੋਂ ਬਿਨਾਂ ਸਦਨ ਦੀ ਕਾਰਵਾਈ ਚਲਾਉਣ ਦੇ ਵਿਧਾਨ ਸਭਾ ਸਪੀਕਰ ਦੇ ਫੈਸਲੇ ਤੋਂ ਨਾਰਾਜ਼ ਸਨ।

ਸਪੀਕਰ ਯੂ. ਟੀ. ਖਾਦਰ ਇਹ ਕਹਿ ਕੇ ਚਲੇ ਗਏ ਕਿ ਸਦਨ ’ਚ ਲੰਚ ਬ੍ਰੇਕ ਨਹੀਂ ਹੋਵੇਗੀ ਅਤੇ ਬਜਟ ਅਤੇ ਮੰਗਾਂ ’ਤੇ ਚਰਚਾ ਜਾਰੀ ਰਹੇਗੀ, ਜਿਸ ਤੋਂ ਬਾਅਦ ਡਿਪਟੀ ਸਪੀਕਰ ਰੁਦਰਾਪਾ ਲਮਾਨੀ ਸਦਨ ਦੀ ਕਾਰਵਾਈ ਦਾ ਸੰਚਾਲਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਮੈਂਬਰ ਭੋਜਨ ਕਰਨਾ ਚਾਹੁੰਦੇ ਹਨ ਉਹ ਜਾ ਸਕਦੇ ਹਨ ਅਤੇ ਫਿਰ ਵਾਪਸ ਆ ਜਾਣ। ਇਸ ’ਤੇ ਭਾਜਪਾ ਨੇ ਸਖ਼ਤ ਨਾਰਾਜ਼ਗੀ ਜਾਹਿਰ ਕੀਤੀ। ਇਹ ਉਦੋ ਹੋਇਆ ਜਦੋਂ ਭਾਜਪਾ ਅਤੇ ਜਨਤਾ ਦਲ (ਸੈਕੂਲਰ) ਦੇ ਮੈਂਬਰ ਚੇਅਰ ਦੇ ਸਾਹਮਣੇ ਆ ਕੇ ਵਿਰੋਧ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਾਂਗਰਸ ਸਰਕਾਰ ’ਤੇ ਆਪਣੇ ਸਾਥੀ ਨੇਤਾਵਾਂ ਲਈ 30 ਆਈ. ਏ. ਐੱਸ. ਅਧਿਕਾਰੀਆਂ ਨੂੰ ਤਾਇਨਾਤ ਕਰਨ ਦਾ ਦੋਸ਼ ਲਾਇਆ।

ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਰਣਨੀਤੀ ਬਣਾਉਣ ਲਈ ਬੈਂਗਲੁਰੂ ’ਚ ਸੋਮਵਾਰ ਅਤੇ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਬੈਠਕ ਹੋਈ ਸੀ। ਵਿਰੋਧ ਦਰਮਿਆਨ ਅਤੇ ਲੰਚ ਬ੍ਰੇਕ ਤੋਂ ਬਿਨਾਂ ਸਦਨ ਦੀ ਕਾਰਵਾਈ ਜਾਰੀ ਰੱਖਣ ਦੇ ਸਪੀਕਰ ਦੇ ਫੈਸਲੇ ਤੋਂ ਨਾਰਾਜ਼ ਭਾਜਪਾ ਮੈਂਬਰ ਕੁਝ ਦੇਰ ਲਈ ਇਕੱਠੇ ਹੋਏ ਅਤੇ ਫਿਰ ਅਚਾਨਕ ਚੇਅਰ ਵੱਲ ਕਾਗਜ਼ ਸੁੱਟਣ ਲੱਗੇ ਅਤੇ ਡਿਪਟੀ ਸਪੀਕਰ ਨੇ ਕਿਹਾ ਕਿ ਸਦਨ ਦੀ ਕਾਰਵਾਈ ਇਸ ਤਰ੍ਹਾਂ ਨਹੀਂ ਚੱਲ ਸਕਦੀ। ਭਾਜਪਾ ਮੈਂਬਰਾਂ ਨੇ ਪੁੱਛਿਆ ਕਿ ਕਿਸ ਨਿਯਮ ਦੇ ਤਹਿਤ ਲੰਚ ਬ੍ਰੇਕ ਨੂੰ ਰੱਦ ਕੀਤਾ ਗਿਆ ਹੈ।

ਭਾਜਪਾ ਦੇ ਮੈਂਬਰਾਂ ਨੇ ਮੁੱਖ ਮੰਤਰੀ ਸਿੱਧਰਮਈਆ ਵੱਲੋਂ ਸੋਮਵਾਰ ਨੂੰ ਇੱਥੇ ਵਿਰੋਧੀ ਧਿਰ ਦੇ ਨੇਤਾਵਾਂ ਲਈ ਦਿੱਤੇ ਗਏ ਰਾਤਰੀ ਭੋਜ ’ਚ ਵਿਧਾਨ ਸਭਾ ਸਪੀਕਰ ਖਾਦਰ ਦੇ ਸ਼ਾਮਲ ਹੋਣ ਦਾ ਮੁੱਦਾ ਵੀ ਵਾਰ-ਵਾਰ ਚੁੱਕਿਆ। ਕਾਂਗਰਸ ਵਿਧਾਇਕਾਂ ਨੇ ਭਾਜਪਾ ਦੇ ਮੈਂਬਰਾਂ ਦੇ ਅਣ-ਉਚਿਤ ਵਿਵਹਾਰ ’ਤੇ ਇਤਰਾਜ਼ ਪ੍ਰਗਟਾਇਆ, ਜਿਸ ਤੋਂ ਬਾਅਦ ਹੰਗਾਮਾ ਹੋਇਆ ਅਤੇ ਫਿਰ ਡਿਪਟੀ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਦੀ ਬਾਕੀ ਮਿਆਦ ਲਈ ਮੁਲਤਵੀ ਕਰ ਦਿੱਤੀ।

ਓਧਰ ਕਰਨਾਟਕ ਵਿਧਾਨ ਸਭਾ ਸਪੀਕਰ ਨੇ ਸਦਨ ’ਚ ‘ਅਸ਼ੋਭਨੀਕ ਅਤੇ ਅਪਮਾਨਜਨਕ ਵਿਵਹਾਰ’ ਲਈ ਭਾਜਪਾ ਦੇ 10 ਵਿਧਾਇਕਾਂ ਨੂੰ ਵਿਧਾਨ ਸਭਾ ਦੇ ਬਾਕੀ ਰਹਿੰਦੇ ਸੈਸ਼ਨ ਤਕ ਮੁਅੱਤਲ ਕਰ ਦਿੱਤਾ। ਉੱਥੇ ਹੀ, ਵਿਰੋਧੀ ਧਿਰ ਭਾਜਪਾ ਅਤੇ ਜਦ (ਐੱਸ.) ਨੇ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਯੂ. ਟੀ. ਖਾਦਰ ਦੇ ਖਿਲਾਫ ਬੇ-ਭਰੋਸਗੀ ਮਤੇ ਦਾ ਨੋਟਿਸ ਵਿਧਾਨ ਸਭਾ ਸਕੱਤਰ ਨੂੰ ਦਿੱਤਾ ਹੈ।


author

Rakesh

Content Editor

Related News