ਕੂੜੇ ਦੀ ਗੱਡੀ ’ਚ ਗਈ ਭੈਣ ਦੀ ਲਾਸ਼, ਅਰਥੀ ਨੂੰ ਮੋਢਾ ਦੇਣ ਲਈ ਰੋਂਦਾ ਕੁਰਲਾਉਂਦਾ ਰਿਹਾ ਭਰਾ
Tuesday, May 11, 2021 - 12:34 PM (IST)
ਸ਼ਾਮਲੀ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ’ਚ ਹਾਹਾਕਾਰ ਮਚਾਈ ਹੋਈ ਹੈ। ਸੰਕਟ ਦੀ ਇਸ ਘੜੀ ਵਿਚ ਲੋਕ ਇਕ-ਦੂਜੇ ਦੀ ਮਦਦ ਕਰਨ ਤੋਂ ਵੀ ਕੰਨੀ ਕਤਰਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ’ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇੱਥੇ ਇਕ ਜਨਾਨੀ ਦੀ ਲਾਸ਼ ਨੂੰ ਨਗਰਪਾਲਿਕਾ ਵਲੋਂ ਕੂੜੇ ਵਾਲੀ ਗੱਡੀ ’ਚ ਰੱਖ ਕੇ ਸ਼ਮਸ਼ਾਨਘਾਟ ਲਿਜਾਇਆ ਗਿਆ। ਮਿ੍ਰਤਕ ਜਨਾਨੀ ਦੇ ਪਰਿਵਾਰ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਅੰਤਿਮ ਸੰਸਕਾਰ ਲਈ ਮਦਦ ਮੰਗੀ ਪਰ ਕੋਈ ਅੱਗੇ ਨਹੀਂ ਆਇਆ। ਕੋਰੋਨਾ ਦੇ ਖ਼ੌਫ ਕਾਰਨ ਉਨ੍ਹਾਂ ਨੂੰ ਅਰਥੀ ਨੂੰ ਮੋਢਾ ਦੇਣ ਲਈ ਚਾਰ ਲੋਕ ਵੀ ਨਹੀਂ ਮਿਲੇ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ’ਚ ਮਿਲਿਆ ਕੋਰੋਨਾ ਦਾ ਨਵਾਂ ਰੂਪ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ
ਇਹ ਮਾਮਲਾ ਸ਼ਾਮਲੀ ਜ਼ਿਲ੍ਹੇ ਦੇ ਜਲਾਲਾਬਾਦ ਕਸਬੇ ਦਾ ਹੈ, ਇੱਥੇ ਇਕ ਬੰਗਾਲੀ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਰਹਿ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ 65 ਸਾਲ ਦੀ ਬਾਲਮਤੀ ਪੱਛਮੀ ਬੰਗਾਲ ਵਿਚ ਆਪਣੇ ਘਰ ’ਚ ਬੀਮਾਰ ਸੀ। ਭਰਾ ਪ੍ਰਭਾਸ ਸਰਕਾਰ ਆਪਣੀ ਬੀਮਾਰ ਭੈਣ ਦੀ ਦੇਖਭਾਲ ਕਰਨ ਲਈ ਉਸ ਨੂੰ ਇਲਾਜ ਲਈ ਬੰਗਾਲ ਤੋਂ ਸ਼ਾਮਲੀ ਲੈ ਕੇ ਆਇਆ ਪਰ ਬੀਮਾਰੀ ਨੇ ਭੈਣ ਨੂੰ ਅਜਿਹਾ ਜਕੜਿਆ ਕਿ ਉਸ ਦੀ ਮੌਤ ਹੋ ਗਈ। ਭਰਾ ਮੁਤਾਬਕ ਡਾਕਟਰਾਂ ਨੇ ਕਿਹਾ ਕਿ ਉਸ ਨੂੰ ਬਰੇਨ ਹੈਮਰੇਜ ਹੋਇਆ ਸੀ।
ਇਹ ਵੀ ਪੜ੍ਹੋ : ਸੰਭਲ ਜਾਓ; ਨਹੀਂ ਤਾਂ ਬਸਤੇ ਦੀ ਥਾਂ ਬੱਚਿਆਂ ਦੇ ਮੋਢਿਆਂ ’ਤੇ ਹੋਣਗੇ ‘ਆਕਸੀਜਨ ਦੇ ਯੰਤਰ’
ਭੈਣ ਦੀ ਮੌਤ ਮਗਰੋਂ ਪੀੜਤ ਸ਼ਖਸ ਨੇ ਮੁਹੱਲੇ ਵਾਲਿਆਂ ਦੀਆਂ ਮਿੰਨਤਾਂ ਕੀਤੀਆਂ ਕਿ ਕੋਈ ਉਸ ਦੀ ਭੈਣ ਦੀ ਅਰਥੀ ਨੂੰ ਮੋਢਾ ਦੇ ਦੇਵੇ, ਉਹ ਕੋਰੋਨਾ ਨਾਲ ਨਹੀਂ ਮਰੀ ਹੈ ਪਰ ਕੋਈ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ। ਫਿਰ ਮਜ਼ਬੂਰ ਭਰਾ ਨੇ ਨਗਰ ਪਾਲਿਕਾ ਨੂੰ ਸ਼ਮਸ਼ਾਨਘਾਟ ਤੱਕ ਲਾਸ਼ ਨੂੰ ਲਿਜਾਉਣ ਦੀ ਗੁਹਾਰ ਲਾਈ। ਕੂੜੇ ਦੀ ਗੱਡੀ ਵਿਚ ਜਨਾਨੀ ਦੀ ਲਾਸ਼ ਨੂੰ ਰੱਖ ਕੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਤੱਕ ਪਹੁੰਚਾਇਆ ਗਿਆ। ਇਸ ਘਟਨਾ ਦੀ ਕਿਸੇ ਨੇ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ’ਤੇ ਸਾਂਝਾ ਕਰ ਦਿੱਤੀ।
ਇਹ ਵੀ ਪੜ੍ਹੋ: ਟੁੱਟਦੇ ਸਾਹਾਂ ਲਈ ਉਮੀਦ ਦੀ ਕਿਰਨ ‘ਹੇਮਕੁੰਟ ਫਾਊਂਡੇਸ਼ਨ’, ਮੁਫ਼ਤ ਮੁਹੱਈਆ ਕਰਵਾ ਰਹੀ ਮੈਡੀਕਲ ਆਕਸੀਜਨ
ਓਧਰ ਪੀੜਤ ਪਰਿਵਾਰ ਨੇ ਕਿਹਾ ਕਿ ਅਜਿਹਾ ਕਦੇ ਸੋਚਿਆ ਨਹੀਂ ਸੀ ਕਿ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਲਾਸ਼ ਕੂੜੇ ਦੀ ਗੱਡੀ ’ਚ ਰੱਖ ਕੇ ਲਿਜਾਈ ਜਾਵੇਗੀ। ਜਨਾਨੀ ਦੀ ਮੌਤ ਬਰੇਨ ਹੈਮਰੇਜ ਨਾਲ ਹੋਈ ਸੀ ਪਰ ਕੋਰੋਨਾ ਵਾਇਰਸ ਦੇ ਡਰ ਤੋਂ ਮੁਹੱਲੇ ਦੇ ਕਿਸੇ ਵੀ ਸ਼ਖਸ ਨੇ ਪੀੜਤ ਪਰਿਵਾਰ ਦੀ ਮਦਦ ਨਹੀਂ ਕੀਤੀ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਿਚ ਹਫ਼ੜਾ-ਦਫੜੀ ਮਚੀ ਹੋਈ ਹੈ। ਸ਼ਾਮਲੀ ਦੀ ਜ਼ਿਲ੍ਹਾ ਮੈਜਿਸਟ੍ਰੇਟ ਜਸਜੀਤ ਕੌਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਾਨੂੰ ਜਾਣਕਾਰੀ ਮਿਲੀ ਹੈ ਕਿ ਜਨਾਨੀ ਦੀ ਘਰ ’ਚ ਹੀ ਮੌਤ ਹੋਈ ਹੈ। ਇਹ ਕੋਵਿਡ ਸਬੰਧੀ ਨਹੀਂ ਸੀ। ਉਸ ਦੇ ਪਰਿਵਾਰ ਦੇ ਕਿਸੇ ਵਿਅਕਤੀ ਨੇ ਨਗਰ ਨਿਗਮ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਉੱਥੋਂ ਵਾਹਨ ਮਿਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਐਂਬੂਲੈਂਸ ਲਈ ਹੈਲਪਲਾਈਨ ਨੰਬਰ ਦਿੱਤੇ ਗਏ ਹਨ। ਲੋਕ ਲੋੜ ਪੈਣ ’ਤੇ ਉਸ ’ਤੇ ਫੋਨ ਕਰ ਸਕਦੇ ਹਨ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਖੁੱਲ੍ਹਿਆ 400 ਬੈੱਡਾਂ ਦਾ ਕੋਵਿਡ ਦੇਖਭਾਲ ਕੇਂਦਰ