ਯੂਪੀ ਸਰਕਾਰ ਨੇ ਸੂਬੇ ''ਚ ਲਾਗੂ ਕੀਤਾ ESMA, ਸਰਕਾਰੀ ਵਿਭਾਗਾਂ ਨੂੰ ਭੇਜੀਆਂ ਹਦਾਇਤਾਂ
Saturday, Dec 07, 2024 - 02:10 AM (IST)
ਲਖਨਊ : ਰਾਜ ਵਿਚ ਚੱਲ ਰਹੇ ਅੰਦੋਲਨਾਂ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਵਿਚ ESMA ਲਾਗੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 2 ਦਸੰਬਰ ਤੋਂ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਕਿਸਾਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿਚ ਧਾਰਾ 163 ਲਾਗੂ ਕਰ ਦਿੱਤੀ ਗਈ ਹੈ।
ਪੁਲਸ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਜ਼ਿਲ੍ਹੇ ਵਿਚ ਨਾ ਤਾਂ ਕੋਈ ਧਰਨਾ ਦਿੱਤਾ ਜਾਵੇਗਾ ਅਤੇ ਨਾ ਹੀ ਕੋਈ ਮਹਾਪੰਚਾਇਤ ਹੋਵੇਗੀ। ਅਜਿਹਾ ਕਰਨ ਵਾਲੇ ਦਰਜਨਾਂ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਸਰਕਾਰ ਨੇ ਸੂਬੇ ਦੇ ਕਿਸੇ ਵੀ ਵਿਭਾਗ ਵਿਚ ਹੜਤਾਲਾਂ ’ਤੇ ਪਾਬੰਦੀ ਲਾ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਨਿਯੁਕਤੀ ਅਤੇ ਪ੍ਰਸੋਨਲ ਵਿਭਾਗ ਨੇ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਕੀ ਹੈ ESMA?
ਇਸ ਕਾਨੂੰਨ ਨੂੰ ਲਿਆਉਣ ਦਾ ਮਕਸਦ ਦੇਸ਼ ਵਿਚ ਬਿਜਲੀ ਸਪਲਾਈ, ਟਰਾਂਸਪੋਰਟ ਅਤੇ ਮੈਡੀਕਲ ਸੇਵਾਵਾਂ ਸਮੇਤ ਜ਼ਰੂਰੀ ਸੇਵਾਵਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣਾ ਸੀ। ਇਹ ਕਾਨੂੰਨ ਰਾਜ ਸਰਕਾਰਾਂ ਨੂੰ ਜ਼ਰੂਰੀ ਸੇਵਾਵਾਂ ਵਿਚ ਵਿਘਨ ਪਾਉਣ ਵਾਲਿਆਂ ਵਿਰੁੱਧ ਗ੍ਰਿਫਤਾਰੀ ਅਤੇ ਮੁਕੱਦਮਾ ਚਲਾਉਣ ਸਮੇਤ ਸਖਤ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ।
ਇਹ ਵੀ ਪੜ੍ਹੋ : ਕਿਸੇ ਦੂਜੇ ਯਾਤਰੀ ਦੀ ਟਿਕਟ 'ਤੇ ਬਦਲੋ ਤਾਰੀਖ਼-ਸਮਾਂ ਅਤੇ ਫਿਰ ਕਰੋ ਯਾਤਰਾ, ਬਸ ਇਹ ਨਿਯਮ ਕਰੋ ਫਾਲੋ
ਜ਼ਰੂਰੀ ਸੇਵਾਵਾਂ ਕਿਸ ਨੂੰ ਮੰਨਿਆ ਜਾਵੇਗਾ?
ਇਨ੍ਹਾਂ ਵਿਚ ਜਨਤਕ ਸੁਰੱਖਿਆ, ਜਲ ਸਪਲਾਈ, ਸੈਨੀਟੇਸ਼ਨ, ਹਸਪਤਾਲ ਅਤੇ ਰਾਸ਼ਟਰੀ ਰੱਖਿਆ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ। ਇਸ ਦੇ ਨਾਲ ਹੀ ਪੈਟਰੋਲ, ਕੋਲਾ, ਬਿਜਲੀ, ਖਾਦ, ਟਰਾਂਸਪੋਰਟ ਸੇਵਾਵਾਂ, ਅਨਾਜ ਦੀ ਵੰਡ ਨੂੰ ਵੀ ਜ਼ਰੂਰੀ ਸੇਵਾਵਾਂ ਵਿਚ ਸ਼ਾਮਲ ਕੀਤਾ ਗਿਆ ਹੈ।
ਮੁਲਾਜ਼ਮਾਂ 'ਤੇ ਲੱਗ ਜਾਂਦੀਆਂ ਹਨ ਪਾਬੰਦੀਆਂ
ਜਦੋਂ ਕੋਈ ਵੀ ਰਾਜ ਸਰਕਾਰ ESMA ਦੇ ਉਪਬੰਧਾਂ ਨੂੰ ਲਾਗੂ ਕਰਦੀ ਹੈ ਤਾਂ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ 'ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਇਸ ਸਮੇਂ ਦੌਰਾਨ ਰਾਜ ਸਰਕਾਰ ਦੇ ਕਰਮਚਾਰੀ ਲੋੜ ਪੈਣ 'ਤੇ ਓਵਰਟਾਈਮ ਕੰਮ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ।
ਜੇਕਰ ਕੋਈ ਸਰਕਾਰੀ ਕਰਮਚਾਰੀ ਕਾਨੂੰਨ ਦੇ ਲਾਗੂ ਹੋਣ ਦੌਰਾਨ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਦੋਸ਼ੀ ਪਾਏ ਜਾਣ 'ਤੇ ਉਸ ਨੂੰ 1 ਸਾਲ ਦੀ ਕੈਦ ਅਤੇ 1000 ਰੁਪਏ ਜੁਰਮਾਨਾ ਹੋ ਸਕਦਾ ਹੈ। ਇੰਨਾ ਹੀ ਨਹੀਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੁਲਸ ਕਿਸੇ ਨੂੰ ਵੀ ਬਿਨਾਂ ਵਾਰੰਟ ਤੋਂ ਗ੍ਰਿਫਤਾਰ ਕਰ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8