UP : ਕਤਲ ਦੇ 40 ਸਾਲ ਪੁਰਾਣੇ ਮਾਮਲੇ ’ਚ ਬਰੀ ਹੋਏ ਸਾਬਕਾ ਸੰਸਦ ਮੈਂਬਰ
Friday, Nov 04, 2022 - 01:17 PM (IST)
ਸੁਲਤਾਨਪੁਰ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ ਦੀ ਵਿਸ਼ੇਸ਼ ਐੱਮ. ਪੀ./ਐੱਮ. ਐੱਲ. ਏ. ਅਦਾਲਤ ਨੇ ਗੌਰੀਗੰਜ ਗੈਸਟ ਹਾਊਸ ਵਿਚ ਇਕ ਸੁਰੱਖਿਆ ਕਰਮਚਾਰੀ ਦੀ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੇ 40 ਸਾਲ ਪੁਰਾਣੇ ਮਾਮਲੇ ਵਿਚ ਸਾਬਕਾ ਸੰਸਦ ਮੈਂਬਰ ਅਕਬਰ ਅਹਿਮਦ ਡੰਪੀ ਸਮੇਤ 2 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਇਸਤਗਾਸਾ ਅਧਿਕਾਰੀ ਕਾਲਿਕਾ ਪ੍ਰਸਾਦ ਮਿਸ਼ਰ ਨੇ ਵੀਰਵਾਰ ਨੂੰ ਦੱਸਿਆ ਕਿ 19 ਸਤੰਬਰ 1982 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਮੇਨਕਾ ਗਾਂਧੀ ਆਪਣੇ ਸਹਿਯੋਗੀਆਂ ਨਾਲ ‘ਸੰਜੇ ਵਿਚਾਰ ਮੰਚ’ ਪਾਰਟੀ ਦਾ ਗਠਨ ਕਰ ਕੇ ਅਮੇਠੀ ਸੰਸਦੀ ਖੇਤਰ ਵਿਚ ਪਾਰਟੀ ਦਫਤਰ ਨੂੰ ਸਥਾਪਤ ਕਰਨ ਗੌਰੀਗੰਜ ਗੈਸਟ ਹਾਊਸ ਵਿਚ ਰੁਕੀ ਸੀ।
ਮਿਸ਼ਰ ਮੁਤਾਬਕ ਇਸੇ ਸਿਲਸਿਲੇ ਵਿਚ ਹਰਿਆਣਾ ਤੋਂ ਆਏ ਕਰਨੈਲ ਸਿੰਘ ਨਾਮਕ ਵਿਅਕਤੀ ਦੀ ਬੰਦੂਕ ਨਾਲ ਸ਼ੱਕੀ ਹਾਲਾਤ ਵਿਚ ਚੱਲੀ ਗੋਲੀ ਨਾਲ ਬਸਤੀ ਦੇ ਤਤਕਾਲੀਨ ਸੰਸਦ ਮੈਂਬਰ ਕਲਪਨਾਥ ਸੋਨਕਰ ਦੇ ਸੁਰੱਖਿਆ ਕਰਮਚਾਰੀ ਟਿਕੋਰੀ ਸਿੰਘ ਦੀ ਮੌਤ ਹੋ ਗਈ ਸੀ। ਮਿਸ਼ਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਡੰਪੀ ਅਤੇ ਜਗਦੀਸ਼ ਨਾਰਾਇਣ ਮਿਸ਼ਰ ਸਮੇਤ ਚਾਰ ਲੋਕਾਂ ਖਿਲਾਫ ਕਤਲ ਅਤੇ ਸਬੂਤ ਮਿਟਾਉਣ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ।