ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 17 ਲੋਕਾਂ ਦੀ ਮੌਤ
Wednesday, Jun 13, 2018 - 09:13 AM (IST)

ਮੈਨਪੁਰੀ— ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਬੁੱਧਵਾਰ ਸਵੇਰੇ ਇਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਇਕ ਟੂਰਿਸਟ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਇਡਰ ਨਾਲ ਟਕਰਾ ਕੇ ਉਲਟ ਗਈ। ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਰਾਜਸਥਾਨ ਦੇ ਜੈਪੁਰ ਤੋਂ ਫਰੂਖਾਬਾਦ ਜਾ ਰਹੀ ਸੀ। ਇਹ ਹਾਦਸਾ ਮੈਨਪੁਰੀ ਦੇ ਥਾਣਾ ਦੰਨਾਹਾਰ ਦੀ ਕੀਰਤਪੁਰ ਚੌਕੀ ਨੇੜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ 6 ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਅਤੇ ਬਾਕੀ 11 ਲੋਕਾਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਮੌਕੇ 'ਤੇ ਪੁੱਜੀ। ਘਟਨਾ ਦੀ ਥਾਂ 'ਤੇ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਰੈਸਕਿਊ ਆਪਰੇਸ਼ਨ ਜਾਰੀ ਹੈ। ਕਰੇਨ ਨਾਲ ਬੱਸ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਹੈ।