ਓਨਾਵ ਜਬਰ ਜ਼ਿਨਾਹ ਮਾਮਲਾ : ਕੁਲਦੀਪ ਸੇਂਗਰ ਦੀ 10 ਸਾਲ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਪਟੀਸ਼ਨ ਖਾਰਜ
Monday, Jan 19, 2026 - 06:03 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਓਨਾਵ ਬਲਾਤਕਾਰ ਪੀੜਤਾ ਦੇ ਪਿਤਾ ਦੀ ਹਿਰਾਸਤ 'ਚ ਮੌਤ ਦੇ ਮਾਮਲੇ 'ਚ ਭਾਜਪਾ ਦੇ ਸਾਬਕਾ ਨੇਤਾ ਕੁਲਦੀਪ ਸਿੰਘ ਸੇਂਗਰ ਦੀ 10 ਸਾਲ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਅਪੀਲ ਖਾਰਜ ਕਰ ਦਿੱਤੀ ਹੈ। ਜਸਟਿਸ ਰਵਿੰਦਰ ਡੁਡੇਜਾ ਨੇ ਆਪਣੇ ਫੈਸਲੇ 'ਚ ਕਿਹਾ ਕਿ ਸੇਂਗਰ ਨੂੰ ਰਾਹਤ ਦੇਣ ਦਾ ਕੋਈ ਠੋਸ ਆਧਾਰ ਨਹੀਂ ਹੈ।
ਇਹ ਵੀ ਪੜ੍ਹੋ : ਕੁਲਦੀਪ ਸੇਂਗਰ ਨੂੰ 'ਸੁਪਰੀਮ' ਝਟਕਾ ! SC ਨੇ ਓਨਾਵ ਰੇਪ ਕੇਸ ਮਾਮਲੇ 'ਚ ਜ਼ਮਾਨਤ 'ਤੇ ਲਾਈ ਰੋਕ
ਅਦਾਲਤ ਦੀਆਂ ਅਹਿਮ ਟਿੱਪਣੀਆਂ
ਅਦਾਲਤ ਨੇ ਨੋਟ ਕੀਤਾ ਕਿ ਹਾਲਾਂਕਿ ਸੇਂਗਰ ਪਿਛਲੇ ਸਾਢੇ 7 ਸਾਲਾਂ ਤੋਂ ਜੇਲ੍ਹ 'ਚ ਬੰਦ ਹੈ, ਪਰ ਅਪੀਲ ਦੀ ਸੁਣਵਾਈ 'ਚ ਹੋਈ ਦੇਰੀ ਲਈ ਉਹ ਖੁਦ ਵੀ ਜ਼ਿੰਮੇਵਾਰ ਹੈ। ਜੱਜ ਨੇ ਕਿਹਾ ਕਿ ਸੇਂਗਰ ਨੇ ਅੰਤਰਿਮ ਮੁਅੱਤਲੀ, ਜ਼ਮਾਨਤ ਵਧਾਉਣ ਅਤੇ ਸਜ਼ਾ ਦੇ ਨਿਯਮਿਤ ਮੁਅੱਤਲੀ ਲਈ ਕਈ ਅਰਜ਼ੀਆਂ ਦਾਇਰ ਕੀਤੀਆਂ ਸਨ, ਜਿਸ ਕਾਰਨ ਮੁੱਖ ਅਪੀਲ 'ਤੇ ਸੁਣਵਾਈ 'ਚ ਦੇਰੀ ਹੋਈ। ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਫਰਵਰੀ ਲਈ ਤੈਅ ਕੀਤੀ ਹੈ।
ਕੀ ਹੈ ਪੂਰਾ ਮਾਮਲਾ?
ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ 13 ਮਾਰਚ 2020 ਨੂੰ ਸੇਂਗਰ ਨੂੰ ਪੀੜਤਾ ਦੇ ਪਿਤਾ ਦੀ ਹਿਰਾਸਤ 'ਚ ਮੌਤ ਦੇ ਮਾਮਲੇ 'ਚ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਕਿਹਾ ਸੀ ਕਿ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਮੈਂਬਰ ਦੀ ਮੌਤ ਦੇ ਮਾਮਲੇ 'ਚ ਕੋਈ ਨਰਮੀ ਨਹੀਂ ਵਰਤੀ ਜਾ ਸਕਦੀ। ਬਲਾਤਕਾਰ ਪੀੜਤਾ ਦੇ ਪਿਤਾ ਨੂੰ ਸੇਂਗਰ ਦੇ ਇਸ਼ਾਰੇ 'ਤੇ ਹਥਿਆਰ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 9 ਅਪ੍ਰੈਲ 2018 ਨੂੰ ਪੁਲਸ ਦੀ ਬੇਰਹਿਮੀ ਕਾਰਨ ਹਿਰਾਸਤ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਅਤੇ ਪੰਜ ਹੋਰਾਂ ਨੂੰ ਵੀ 10-10 ਸਾਲ ਦੀ ਸਜ਼ਾ ਮਿਲੀ ਸੀ।
ਹੋਰ ਮਾਮਲਿਆਂ 'ਚ ਸਜ਼ਾ
ਕੁਲਦੀਪ ਸਿੰਘ ਸੇਂਗਰ 2017 'ਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਹਾਲਾਂਕਿ ਹਾਈ ਕੋਰਟ ਨੇ 23 ਦਸੰਬਰ 2025 'ਚ ਬਲਾਤਕਾਰ ਮਾਮਲੇ 'ਚ ਉਸ ਦੀ ਸਜ਼ਾ ਨੂੰ ਮੁਅੱਤਲ ਕੀਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ 29 ਦਸੰਬਰ 2025 ਨੂੰ ਇਸ ਮੁਅੱਤਲ 'ਤੇ ਰੋਕ ਲਗਾ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
