ਗਡਕਰੀ ਯੂ. ਪੀ. 'ਚ 7,500 ਕਰੋੜ ਰੁਪਏ ਦੇ ਹਾਈਵੇ ਪ੍ਰਾਜੈਕਟ ਦਾ ਕਰਨਗੇ ਸ਼ੁੱਭ ਆਰੰਭ
Wednesday, Nov 25, 2020 - 10:09 PM (IST)
ਨਵੀਂ ਦਿੱਲੀ- ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿਚ 7,500 ਕਰੋੜ ਰੁਪਏ ਦੇ 16 ਹਾਈਵੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿਕਾਸ ਦੇ ਰਾਹ 'ਤੇ ਚੱਲਦੇ ਹੋਏ ਇਹ ਸੜਕ ਪ੍ਰਾਜੈਕਟ ਸੰਪਰਕ ਨੂੰ ਵਧੀਆ ਬਣਾਉਣਗੇ। ਇਸ ਨਾਲ ਲੋਕਾਂ ਨੂੰ ਸੁਵਿਧਾ ਅਤੇ ਸੂਬੇ ਦੇ ਆਰਥਿਕ ਵਾਧੇ ਨੂੰ ਉਤਸ਼ਾਹ ਮਿਲੇਗਾ। ਬਿਆਨ ਵਿਚ ਕਿਹਾ ਗਿਆ ਹੈ, "ਕੇਂਦਰੀ ਸੜਕ ਆਵਾਜਾਈ ਤੇ ਹਾਈਵੇ ਅਤੇ ਐੱਮ. ਐੱਸ. ਐੱਮ. ਈ. ਮੰਤਰੀ ਉੱਤਰ ਪ੍ਰਦੇਸ਼ ਵਿਚ ਕੱਲ 16 ਹਾਈਵੇ ਪ੍ਰਾਜੈਕਟਾਂ ਦਾ ਸ਼ੁੱਭ ਆਰੰਭ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।"
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਸ ਵਰਚੁਅਲ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਲੰਬਾਈ 505 ਕਿਲੋਮੀਟਰ ਹੈ। ਇਸ ਦੇ ਨਿਰਮਾਣ 'ਚ ਤਕਰੀਬਨ 7,500 ਕਰੋੜ ਰੁਪਏ ਖਰਚ ਹੋਣਗੇ।