ਅੰਡਰਵਰਲਡ ਡੌਨ ਛੋਟਾ ਰਾਜਨ ਦੀ ਵਿਗੜੀ ਸਿਹਤ, ਏਮਜ਼ ’ਚ ਕਰਵਾਇਆ ਦਾਖ਼ਲ
Thursday, Jul 29, 2021 - 01:34 PM (IST)
ਨਵੀਂ ਦਿੱਲੀ— ਅੰਡਰਵਰਲਡ ਡੌਨ ਰਾਜਿੰਦਰ ਨਿਕਲਜੇ ਉਰਫ਼ ਛੋਟਾ ਰਾਜਨ ਦੀ ਸਿਹਤ ਵਿਗੜ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਅੱਜ ਯਾਨੀ ਕਿ ਵੀਰਵਾਰ ਨੂੰ ਨਵੀਂ ਦਿੱਲੀ ਦੇ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਛੋਟਾ ਰਾਜਨ ਨੇ ਢਿੱਡ ’ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਨੂੰ ਉਸ ਨੂੰ ਏਮਜ਼ ਲਿਆਂਦਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਰਾਜਨ ਨੂੰ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ, ਜਦੋਂ ਉਸ ਨੂੰ ਕੋਰੋਨਾ ਵਾਇਰਸ ਹੋਇਆ ਸੀ। ਫ਼ਿਲਹਾਲ 61 ਸਾਲਾ ਰਾਜਨ ਕਈ ਅਪਰਾਧਕ ਕੇਸਾਂ ਵਿਚ ਤਿਹਾੜ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ। ਸਾਲ 2015 ’ਚ ਗਿ੍ਰਫ਼ਤਾਰੀ ਅਤੇ ਫਿਰ ਇੰਡੋਨੇਸ਼ੀਆ ਦੇ ਬਾਲੀ ਤੋਂ ਹਵਾਲਗੀ ਮਗਰੋਂ ਰਾਜਨ ਤਿਹਾੜ ਜੇਲ੍ਹ ਦੀ ਹਾਈ ਸਕਿਓਰਿਟੀ ਵਾਲੇ ਸੈੱਲ ਵਿਚ ਬੰਦ ਹੈ।
ਦੱਸਣਯੋਗ ਹੈ ਕਿ ਰਾਜਨ ਖ਼ਿਲਾਫ਼ ਕਤਲ ਅਤੇ ਜ਼ਬਰਨ ਵਸੂਲੀ ਸਮੇਤ ਕਰੀਬ 70 ਮਾਮਲੇ ਦਰਜ ਹਨ। ਸਾਲ 2011 ਵਿਚ ਇਕ ਪੱਤਰਕਾਰ ਜੋਤੀਰਮੋਏ ਡੇ ਦੇ ਕਤਲ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਛੋਟਾ ਰਾਜਨ ਨੂੰ 2018 ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਮੁੰਬਈ ’ਚ ਰਾਜਨ ਖ਼ਿਲਾਫ਼ ਪੈਂਡਿੰਗ ਸਾਰੇ ਅਪਰਾਧਕ ਮਾਮਲਿਆਂ ਨੂੰ ਸੀ. ਬੀ. ਆਈ. ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਉਸ ’ਤੇ ਮੁਕੱਦਮਾ ਚਲਾਉਣ ਲਈ ਇਕ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਗਿਆ ਸੀ।