ਨਾਈਂ ਦੀ ਦੁਕਾਨ ''ਚ ਜਾ ਵੜਿਆ ਟਰੱਕ, ਵਾਲ ਕੱਟਵਾ ਰਹੇ ਵਿਅਕਤੀ ਦੀ ਮੌਤ

Wednesday, Oct 02, 2024 - 03:30 PM (IST)

ਨਾਈਂ ਦੀ ਦੁਕਾਨ ''ਚ ਜਾ ਵੜਿਆ ਟਰੱਕ, ਵਾਲ ਕੱਟਵਾ ਰਹੇ ਵਿਅਕਤੀ ਦੀ ਮੌਤ

ਕੌਸ਼ਾਂਬੀ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਸੰਦੀਪਨ ਘਾਟ ਖੇਤਰ 'ਚ ਬੁੱਧਵਾਰ ਨੂੰ ਇਕ ਬੇਕਾਬੂ ਟਰੱਕ ਸੜਕ ਕੰਢੇ ਨਾਈਂ ਦੀ ਦੁਕਾਨ 'ਚ ਜਾ ਵੜਿਆ। ਦੁਕਾਨ 'ਚ ਵਾਲ ਕੱਟਵਾ ਰਹੇ ਇਕ ਵਿਅਕਤੀ ਦੀ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਪ੍ਰਯਾਗਰਾਜ-ਕਾਨਪੁਰ ਹਾਈਵੇਅ 'ਤੇ ਰਾਹ ਜਾਮ ਕਰ ਦਿੱਤਾ। ਪੁਲਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਹੈ। 

ਥਾਣਾ ਮੁਖੀ ਬ੍ਰਜੇਸ਼ ਕਰਵਰੀਆ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਨੰਬਰ-2 'ਤੇ ਸਥਿਤ ਚੰਦਵਾਰੀ ਚੌਰਾਹੇ ਕੋਲ ਪ੍ਰਯਾਗਰਾਜ ਤੋਂ ਕਾਨਪੁਰ ਵੱਲ ਜਾ ਰਿਹਾ ਇਕ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਕੰਢੇ ਬਣੀ ਇਕ ਨਾਈਂ ਦੀ ਦੁਕਾਨ ਵਿਚ ਜਾ ਵੜਿਆ। ਉਨ੍ਹਾਂ ਨੇ ਦੱਸਿਆ ਕਿ ਦੁਕਾਨ ਵਿਚ ਵਾਲ ਕੱਟਵਾ ਰਹੇ ਰਾਜੇਸ਼ ਕੁਮਾਰ ਦੀ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੌਕੇ 'ਤੇ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। 

ਹਾਦਸੇ ਵਿਚ ਭਾਰਤ ਅਤੇ ਅਨੋਖੇਲਾਲ ਨਾਮੀ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪ੍ਰਯਾਗਰਾਜ ਦੇ SNR ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਕਰਵਰੀਆ ਨੇ ਦੱਸਿਆ ਕਿ ਹਾਦਸੇ ਮਗਰੋਂ ਨਾਰਾਜ਼ ਪਿੰਡ ਵਾਸੀਆਂ ਨੇ ਪ੍ਰਯਾਗਰਾਜ-ਕਾਨਪੁਰ ਹਾਈਵੇਅ ਜਾਮ ਕਰ ਦਿੱਤਾ। ਪੁਲਸ ਨੇ ਪਿੰਡ ਵਾਸੀਆਂ ਨੂੰ ਸਮਝਾ ਕੇ ਜਾਮ ਖ਼ਤਮ ਕਰਵਾਇਆ। ਹਾਦਸੇ ਮਗਰੋਂ ਟਰੱਕ ਡਰਾਈਵਰ ਆਪਣਾ ਵਾਹਨ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। 


author

Tanu

Content Editor

Related News