ਆਨਰ ਕਿਲਿੰਗ: ਚਾਚੇ ਨੇ ਨਾਬਾਲਗ ਭਤੀਜੀ ਦਾ ਕਤਲ ਕਰਕੇ ਲਾਸ਼ ਖੇਤ ''ਚ ਦਫ਼ਨਾਈ, ਪੈਰਾਂ ''ਚ ਠੋਕੀਆਂ ਕੀਲਾਂ

Saturday, Aug 22, 2026 - 01:14 AM (IST)

ਆਨਰ ਕਿਲਿੰਗ: ਚਾਚੇ ਨੇ ਨਾਬਾਲਗ ਭਤੀਜੀ ਦਾ ਕਤਲ ਕਰਕੇ ਲਾਸ਼ ਖੇਤ ''ਚ ਦਫ਼ਨਾਈ, ਪੈਰਾਂ ''ਚ ਠੋਕੀਆਂ ਕੀਲਾਂ

ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਅਨਿਰੁੱਧਪੁਰ ਗੌਦੀਆ ਪਿੰਡ ਵਿੱਚ 'ਆਨਰ ਕਿਲਿੰਗ' (ਕਥਿਤ ਇੱਜ਼ਤ ਦੀ ਖ਼ਾਤਰ ਕਤਲ) ਦਾ ਇੱਕ ਬੇਹੱਦ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਸਗੇ ਚਾਚੇ ਨੇ ਆਪਣੀ ਹੀ ਨਾਬਾਲਗ ਭਤੀਜੀ ਦਾ ਦੁਪੱਟੇ ਨਾਲ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਸਬੂਤ ਮਿਟਾਉਣ ਲਈ ਲਾਸ਼ ਨੂੰ ਖੇਤ ਵਿੱਚ ਇੱਕ ਟੋਆ ਪੁੱਟ ਕੇ ਦਫ਼ਨਾ ਦਿੱਤਾ। ਅਲੀਗੰਜ ਥਾਣਾ ਪੁਲਸ ਨੇ ਮੁਲਜ਼ਮ ਚਾਚੇ ਜੈਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮ ਜੈਪ੍ਰਕਾਸ਼ ਨੇ ਦੱਸਿਆ ਕਿ ਉਸ ਦੀ ਭਤੀਜੀ ਦਾ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਉਸ ਨੇ ਕੁੜੀ ਨੂੰ ਦੋ ਵਾਰ ਉਸ ਨੌਜਵਾਨ ਨਾਲ ਦੇਖਿਆ ਸੀ ਅਤੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਲੰਘੀ 28 ਜੁਲਾਈ ਨੂੰ ਜਦੋਂ ਉਹ ਆਪਣੀ ਭਤੀਜੀ ਨਾਲ ਮਿਰਚਾਂ ਦੇ ਖੇਤ ਵਿੱਚ ਕੰਮ ਕਰ ਰਿਹਾ ਸੀ, ਤਾਂ ਕੁੜੀ ਟਿਊਬਵੈੱਲ ਦੀ ਕੋਠੜੀ ਵੱਲ ਜਾ ਕੇ ਫ਼ੋਨ 'ਤੇ ਆਪਣੇ ਪ੍ਰੇਮੀ ਨਾਲ ਗੱਲ ਕਰਨ ਲੱਗੀ। ਗੁੱਸੇ ਵਿੱਚ ਆਏ ਚਾਚੇ ਨੇ ਉਸ ਨਾਲ ਕੁੱਟਮਾਰ ਕੀਤੀ, ਪਰ ਜਦੋਂ ਉਹ ਨਾ ਮੰਨੀ ਤਾਂ ਉਸ ਨੇ ਉਸੇ ਦੇ ਦੁਪੱਟੇ ਨਾਲ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਟਿਊਬਵੈੱਲ ਦੀ ਕੋਠੜੀ ਵਿੱਚ ਰੱਖ ਕੇ ਤਾਲਾ ਲਗਾ ਦਿੱਤਾ। ਜਦੋਂ ਪਰਿਵਾਰ ਵਾਲਿਆਂ ਨੇ ਕੁੜੀ ਬਾਰੇ ਪੁੱਛਿਆ ਤਾਂ ਚਾਚੇ ਨੇ ਝੂਠ ਬੋਲ ਦਿੱਤਾ ਕਿ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ ਹੈ। 

ਮੁਲਜ਼ਮ ਨੇ ਕਬੂਲਿਆ ਕਿ ਉਸ ਨੇ ਰਾਤ ਵੇਲੇ ਲਾਸ਼ ਨੂੰ ਕੋਠੜੀ ਵਿੱਚੋਂ ਕੱਢ ਕੇ ਖਾਲੀ ਖੇਤ ਵਿੱਚ ਟੋਆ ਪੁੱਟ ਕੇ ਦਫ਼ਨਾ ਦਿੱਤਾ। ਲਾਸ਼ ਜਲਦੀ ਗਲ ਜਾਵੇ ਅਤੇ ਕਤਲ ਦਾ ਰਾਜ਼ ਛਿਪਿਆ ਰਹੇ, ਇਸ ਲਈ ਉਸ ਨੇ ਨਮਕ ਲਾਸ਼ 'ਤੇ ਪਾਇਆ ਅਤੇ ਲਾਸ਼ ਦੇ ਦੋਵਾਂ ਪੈਰਾਂ ਵਿੱਚ 3-3 (ਕੁੱਲ 6) ਕੀਲਾਂ ਠੋਕ ਦਿੱਤੀਆਂ। ਇਹ ਸੁਣ ਕੇ ਪੁਲਸ ਅਧਿਕਾਰੀ ਵੀ ਦੰਗ ਰਹਿ ਗਏ।

ਪੁਲਸ ਨੂੰ 16 ਅਗਸਤ ਨੂੰ ਕੁੜੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਅਤੇ ਲਾਸ਼ ਨੂੰ ਖੇਤ ਵਿੱਚ ਦਫ਼ਨਾਉਣ ਦੀ ਸੂਚਨਾ ਮਿਲੀ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ 18 ਅਗਸਤ ਨੂੰ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਖੇਤ ਵਿੱਚੋਂ ਲਾਸ਼ ਬਾਹਰ ਕੱਢੀ। 19 ਅਗਸਤ ਨੂੰ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਮ੍ਰਿਤਕਾ ਦੇ ਦਾਦਾ ਦੀ ਸ਼ਿਕਾਇਤ 'ਤੇ 20 ਅਗਸਤ ਨੂੰ ਅਲੀਗੰਜ ਥਾਣੇ ਵਿੱਚ ਮੁਲਜ਼ਮ ਜੈਪ੍ਰਕਾਸ਼ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


author

Inder Prajapati

Content Editor

Related News