US ਤੋਂ ਡਿਪੋਰਟ ਹੋਏ ਭਾਰਤੀਆਂ ਦੇ ਮੁੱਦੇ ਨੂੰ ਲੈ ਕੇ ਭੜਕੀ ਉਮਾ ਭਾਰਤੀ, ਕਿਹਾ...
Saturday, Feb 15, 2025 - 03:22 PM (IST)

ਭੋਪਾਲ- ਭਾਜਪਾ ਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਬੇਰਹਿਮ ਅਤੇ ਬੇਹੱਦ ਸ਼ਰਮਨਾਕ ਤਰੀਕੇ ਨਾਲ ਵਾਪਸ ਭੇਜਣ ਲਈ ਅਮਰੀਕਾ ਦੀ ਨਿੰਦਾ ਕੀਤੀ। ਅਮਰੀਕਾ ਦਾ ਇਕ ਫ਼ੌਜੀ ਜਹਾਜ਼ ਭਾਰਤ ਦੇ ਵੱਖ-ਵੱਖ ਸੂਬਿਆਂ ਦੇ 104 ਪ੍ਰਵਾਸੀਆਂ ਨੂੰ ਲੈ ਕੇ 5 ਫਰਵਰੀ ਨੂੰ ਅੰਮ੍ਰਿਤਸਰ ਪਹੁੰਚਿਆ ਸੀ।
ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਕਾਰਵਾਈ ਤਹਿਤ ਇਨ੍ਹਾਂ ਲੋਕਾਂ ਨੂੰ ਭਾਰਤ ਵਾਪਸ ਭੇਜਿਆ। ਕੁਝ ਡਿਪੋਰਟ ਹੋਏ ਭਾਰਤੀਆਂ ਨੇ ਦਾਅਵਾ ਕੀਤਾ ਕਿ ਪੂਰੀ ਯਾਤਰਾ ਦੌਰਾਨ ਉਨ੍ਹਾਂ ਦੇ ਹੱਥਾਂ-ਪੈਰਾਂ ਵਿਚ ਹੱਥਕੜੀ ਲੱਗੀ ਰਹੀ ਅਤੇ ਅੰਮ੍ਰਿਤਸਰ ਵਿਚ ਉਤਰਨ ਮਗਰੋਂ ਹੀ ਉਨ੍ਹਾਂ ਦੀ ਹੱਥਕੜੀਆਂ ਖੋਲ੍ਹੀਆਂ ਗਈਆਂ।
ਭਾਰਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਆਪਣੀ ਪੋਸਟ ਵਿਚ ਕਿਹਾ ਕਿ ਅਮਰੀਕਾ ਤੋਂ ਵਾਪਸ ਭੇਜੇ ਗਏ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਜਿਸ ਤਰ੍ਹਾਂ ਨਾਲ ਹੱਥਕੜੀਆਂ ਵਿਚ ਜਕੜ ਕੇ ਵਾਪਸ ਭੇਜਿਆ ਗਿਆ, ਉਹ ਬੇਹੱਦ ਸ਼ਰਮਨਾਕ ਅਤੇ ਮਨੁੱਖਤਾ ਲਈ ਕਲੰਕ ਹੈ। ਉਮਾ ਨੇ ਕਿਹਾ ਕਿ ਕਿਸੇ ਦੇਸ਼ ਵਿਚ ਗੈਰ-ਕਾਨੂੰਨੀ ਰੂਪ ਨਾਲ ਐਂਟਰੀ ਕਰਨਾ ਅਪਰਾਧ ਹੈ, ਹਰ ਦੇਸ਼ ਦੇ ਕਾਨੂੰਨ ਮੁਤਾਬਕ ਇਸ ਦੀ ਸਜ਼ਾ ਦੀ ਵਿਵਸਥਾ ਹੈ ਪਰ ਅਜਿਹੀ ਬੇਰਹਿਮੀ ਮਹਾ ਪਾਪ ਹੈ। ਅਮਰੀਕਾ ਤੋਂ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇਕ ਜਹਾਜ਼ ਸ਼ਨੀਵਾਰ ਰਾਤ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ।