ਪੁਰਾਣੇ ਮਤਭੇਦ ਭੁਲਾ ਕੇ ਹੱਥ ਮਿਲਾਉਣਗੇ ਊਧਵ ਤੇ ਰਾਜ ਠਾਕਰੇ!

Sunday, Apr 20, 2025 - 03:43 PM (IST)

ਪੁਰਾਣੇ ਮਤਭੇਦ ਭੁਲਾ ਕੇ ਹੱਥ ਮਿਲਾਉਣਗੇ ਊਧਵ ਤੇ ਰਾਜ ਠਾਕਰੇ!

ਮੁੰਬਈ- ਮਹਾਰਾਸ਼ਟਰ ’ਚ ਇਕ ਵੱਡੇ ਘਟਨਾਚੱਕਰ ’ਚ ਸ਼ਿਵ ਸੈਨਾ ਦੇ ਨੇਤਾ ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਆਪਣੇ ਪੁਰਾਣੇ ਮਤਭੇਦ ਭੁਲਾ ਕੇ ਸੂਬੇ ਦੇ ਹਿੱਤਾਂ ਦੀ ਰਾਖੀ ਅਤੇ ਮਰਾਠੀ ਭਾਸ਼ਾ ਦੀ ਸੁਰੱਖਿਆ ਲਈ ਇਕਜੁੱਟ ਹੋਣ ਦਾ ਸੰਕੇਤ ਦਿੱਤਾ ਹੈ। ਮਰਾਠੀ ਸੁਰੱਖਿਆ ਅਤੇ ਸੂਬੇ ਦੇ ਹਿੱਤਾਂ ਦੇ ਮੁੱਦੇ ’ਤੇ ਰਾਜ ਠਾਕਰੇ ਦੇ ਹੁਣੇ ਜਿਹੇ ਬਿਆਨ ਨੇ ਇਸ ਸੰਭਾਵਨਾ ਨੂੰ ਹਵਾ ਦਿੱਤੀ ਹੈ। ਉਨ੍ਹਾਂ ਅਭਿਨੇਤਾ ਮਹੇਸ਼ ਮਾਂਜਰੇਕਰ ਦੇ ਪੌਡਕਾਸਟ ’ਚ ਕਿਹਾ, ‘‘ਜਦੋਂ ਵੱਡੇ ਮੁੱਦੇ ਸਾਹਮਣੇ ਆਉਂਦੇ ਹਨ ਤਾਂ ਆਪਸੀ ਝਗੜੇ ਛੋਟੇ ਲੱਗਣ ਲੱਗਦੇ ਹਨ। ਮਹਾਰਾਸ਼ਟਰ ਦੀ ਹੋਂਦ ਅਤੇ ਮਰਾਠੀ ਮਾਨੁਸ਼ ਲਈ ਸਾਡੇ ਵਿਚਕਾਰ ਦੇ ਝਗੜੇ ਤੁੱਛ ਹਨ। ਨਾਲ ਆਉਣਾ ਮੁਸ਼ਕਲ ਨਹੀਂ ਹੈ, ਬਸ ਇਸ ਦੇ ਲਈ ਇੱਛਾ ਹੋਣੀ ਚਾਹੀਦੀ ਹੈ।’’ ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, ‘‘ਮੈਂ ਵੀ ਸੱਦਾ ਦਿੰਦਾ ਹਾਂ ਕਿ ਸਾਰੇ ਮਰਾਠੀ ਲੋਕ ਮਰਾਠੀ ਮਾਨੁਸ਼ ਦੇ ਹਿੱਤ ’ਚ ਇਕਜੁੱਟ ਹੋ ਕੇ ਅੱਗੇ ਆਉਣ।’’

ਮਹਾਰਾਸ਼ਟਰ ’ਚ ਹਿੰਦੀ ਨੂੰ ਲਾਜ਼ਮੀ ਨਹੀਂ ਬਣਾਉਣ ਦੇਵਾਂਗੇ : ਊਧਵ
ਸ਼ਿਵ ਸੈਨਾ (ਯੂ. ਬੀ. ਟੀ.) ਦੇ ਮੁਖੀ ਊਧਵ ਠਾਕਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ ’ਚ ਹਿੰਦੀ ਨੂੰ ਲਾਜ਼ਮੀ ਨਹੀਂ ਬਣਨ ਦੇਵੇਗੀ। ਊਧਵ ਦਾ ਇਹ ਬਿਆਨ ਸੂਬਾ ਸਰਕਾਰ ਵੱਲੋਂ ਪਹਿਲੀ ਤੋਂ 5ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਹਿੰਦੀ ਨੂੰ ਤੀਜੀ ਭਾਸ਼ਾ ਦੇ ਤੌਰ ’ਤੇ ਲਾਜ਼ਮੀ ਬਣਾਉਣ ਦੇ ਫੈਸਲੇ ਤੋਂ ਬਾਅਦ ਆਇਆ ਹੈ। ਸ਼ਿਵ ਸੈਨਾ (ਯੂ. ਬੀ. ਟੀ.) ਦੀ ਲੇਬਰ ਬ੍ਰਾਂਚ ‘ਭਾਰਤੀਯ ਕਾਮਗਾਰ ਸੈਨਾ’ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਹਿੰਦੀ ਭਾਸ਼ਾ ਤੋਂ ਕੋਈ ਪ੍ਰਹੇਜ਼ ਨਹੀਂ ਪਰ ਉਨ੍ਹਾਂ ਸਵਾਲ ਕੀਤਾ ਕਿ ਇਸ ਨੂੰ ਕਿਉਂ ਥੋਪਿਆ ਜਾ ਰਿਹਾ ਹੈ?


author

Tanu

Content Editor

Related News