ਦੋ ਚਾਹ ਪਾਰਟੀਆਂ, ਦੋ ਗਾਂਧੀ : ਪ੍ਰਿਯੰਕਾ ਨੇ ਕਿਉਂ ਸਾਰਿਆਂ ਦਾ ਧਿਆਨ ਖਿੱਚਿਆ
Saturday, Dec 20, 2025 - 12:24 AM (IST)
ਨੈਸ਼ਨਲ ਡੈਸਕ- ਇਸ ਹਫ਼ਤੇ ਸਿਆਸੀ ਦਿੱਲੀ ਨੂੰ 2 ਚਾਹ ਪਾਰਟੀਆਂ ’ਚ ਅਜਿਹੀਆਂ ਨਵੀਆਂ ਗੱਲਾਂ ਮਿਲੀਆਂ ਜੋ ਵੇਖਣ ਨੂੰ ਮਾਮੂਲੀ ਲੱਗ ਰਹੀਆਂ ਸਨ ਪਰ ਇਨ੍ਹਾਂ ਦੋਹਾਂ ਨੇ ਮਿਲ ਕੇ ਕਾਂਗਰਸ ਪਾਰਟੀ ਦੇ ਬਦਲਦੀ ਤੇ ਵੰਡੇ ਹੋਏ ਸੰਸਦੀ ਸਟਾਈਲ ਨੂੰ ਸਾਹਮਣੇ ਲਿਆਂਦਾ ਹੈ।
ਅਗਸਤ 2024 ’ਚ ਰਾਹੁਲ ਗਾਂਧੀ ਬਜਟ ਸੈਸ਼ਨ ਤੋਂ ਬਾਅਦ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੱਲੋਂ ਆਯੋਜਿਤ ਰਵਾਇਤੀ ਪੋਸਟ-ਸੈਸ਼ਨ ਚਾਹ ਪਾਰਟੀ ’ਚ ਸ਼ਾਮਲ ਹੋਏ ਸਨ। ਮਾਹੌਲ ਸਭਿਅਕ ਪਰ ਸੰਜਮ ਵਾਲਾ ਸੀ।
ਰਾਹੁਲ ਨੇ ਰਸਮੀ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਯੂਕ੍ਰੇਨ ਬਾਰੇ ਇਕ ਗੰਭੀਰ ਸਵਾਲ ਉਠਾਇਆ ਸੀ। ਮੁੱਖ ਰੂਪ ਨਾਲ ਜੁਝਾਰੂ ਵਿਰੋਧੀ ਨੇਤਾ ਦੀ ਭੂਮਿਕਾ ਨਿਭਾਈ ਜੋ ਸਿਆਸੀ ਮਾਹੌਲ ਤੋਂ ਬ੍ਰੇਕ ਲੈਣ ਦੇ ਬਰਾਬਰ ਸੀ। ਕੋਈ ਕਿੱਸਾ ਨਹੀਂ ਸੀ, ਕੋਈ ਹਾਸਾ-ਮਜ਼ਾਕ ਨਹੀਂ ਸੀ। ਸਿਆਸੀ ਗੱਲਬਾਤ ’ਚ ਵੀ ਕੋਈ ਖਾਸ ਪ੍ਰਭਾਵ ਨਹੀਂ ਸੀ।
ਹੁਣ ਤੇਜ਼ੀ ਨਾਲ 19 ਦਸੰਬਰ 2025 ਵੱਲ ਅੱਗੇ ਵਧਦੇ ਹਾਂ। ਇਹ ਪ੍ਰਿਯੰਕਾ ਗਾਂਧੀ ਸੀ ਜੋ ਸਪੀਕਰ ਦੀ ਚਾਹ ਪਾਰਟੀ ’ਚ ਕਾਂਗਰਸ ਦੇ ਚਿਹਰੇ ਵਜੋਂ ਸ਼ਾਮਲ ਹੋਈ ਕਿਉਂਕਿ ਰਾਹੁਲ ਜਰਮਨੀ ’ਚ ਸਨ।
ਪ੍ਰਿਯੰਕਾ ਦਾ ਸਟਾਈਲ ਬਿਲਕੁਲ ਵੱਖਰਾ ਸੀ। ਉਸ ਨੇ ਹਾਸੇ-ਮਜ਼ਾਕ, ਨਿੱਜੀ ਗੱਲਬਾਤ ਤੇ ਛੋਟੀਆਂ-ਛੋਟੀਆਂ ਗੱਲਾਂ ਨਾਲ ਕਮਰੇ ਨੂੰ ਸ਼ਾਂਤ ਕੀਤਾ। ਇਸ ’ਚ ਵਾਇਨਾਡ ਤੋਂ ਮਿਲੇ ਹਰਬਲ ਨੁਸਖਿਆਂ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਤਾਜ਼ਾ ਵਿਦੇਸ਼ ਦੌਰੇ ਬਾਰੇ ਹਲਕੇ ਸਵਾਲ ਸ਼ਾਮਲ ਸਨ।
ਮੋਦੀ ਤੇ ਰਾਜਨਾਥ ਸਿੰਘ ਦੀ ਮੁਸਕਰਾਹਟ ਕੈਮਰਿਆਂ ’ਚ ਕੈਦ ਹੋ ਗਈ, ਜਿਸ ਨਾਲ ਵਾਕਆਊਟ ਤੇ ਵਿਰੋਧ ਪ੍ਰਦਰਸ਼ਨਾਂ ਨਾਲ ਭਰੇ ਸੈਸ਼ਨ ਵਾਲਾ ਮਾਹੌਲ ਤੁਰੰਤ ਬਦਲ ਗਿਆ। ਇਸ ਫਰਕ ਨੇ ਸਿਆਸੀ ਹਲਕਿਆਂ ’ਚ ਹਲਚਲ ਪੈਦਾ ਕਰ ਦਿੱਤੀ। ਰਾਹੁਲ ਦੀ ਸ਼ੈਲੀ ਟਕਰਾਅ ਵਾਲੀ ਤੇ ਪ੍ਰਤੀਕਾਤਮਕ ਹੈ ਜੋ ਵਿਰੋਧ ਦੀ ਸਿਅਾਸਤ ਤੇ ਇਕ ਤਿੱਖੇ ਸੰਦੇਸ਼ ਦੇ ਆਲੇ-ਦੁਆਲੇ ਬਣੀ ਹੈ।
ਪ੍ਰਿਯੰਕਾ ਦੀ ਸ਼ੈਲੀ ਆਪਸੀ ਤੇ ਰਣਨੀਤਕ ਹੈ। ਉਹ ਰਿਆਇਤਾਂ ਦੀ ਬਜਾਏ ਸ਼ਿਸ਼ਟਾਚਾਰ ਨੂੰ ਸਿਅਾਸੀ ਸਾਧਨ ਵਜੋਂ ਵਰਤਦੀ ਹੈ। ਸਮੇਂ ਨੇ ਫਰਕ ਨੂੰ ਮਜ਼ਬੂਤ ਕੀਤਾ। ਰਾਹੁਲ ਦੀ ਮੌਜੂਦਗੀ ਉਦੋਂ ਹੋਈ ਜਦੋਂ ਸ਼ਮੂਲੀਅਤ ਦੀ ਉਮੀਦ ਕੀਤੀ ਜਾ ਰਹੀ ਸੀ। ਪ੍ਰਿਯੰਕਾ ਦੀ ਮੌਜੂਦਗੀ ਉਦੋਂ ਹੋਈ ਜਦੋਂ ਬਾਈਕਾਟ ਆਮ ਗੱਲ ਸੀ ਤੇ ਉਸ ਨਿਯਮ ਨੂੰ ਤੋੜਨ ਨਾਲ ਸੁਰਖੀਆਂ ਬਣੀਆਂ।
ਦਸੰਬਰ ਨੇ ਥੋੜ੍ਹੀ ਜਿਹੀ ਤਬਦੀਲੀ ਦਾ ਸੰਕੇਤ ਦਿੱਤਾ। ਭਰਾ ਹਾਊਸ ’ਚ ਲੜਦਾ ਹੈ। ਭੈਣ ਇਕ ਵੱਖਰਾ ਰੁਖ਼ ਅਖਤਿਆਰ ਕਰਦੀ ਹੈ। ਇੱਕੋ ਪਾਰਟੀ, ਇੱਕੋ ਵਿਰੋਧ ਪਰ ਹੁਣ 2 ਵੱਖਰੀਆਂ ਸੰਸਦੀ ਭਾਸ਼ਾਵਾਂ ਧਿਆਨ ਖਿੱਚਣ ਲਈ ਮੁਕਾਬਲਾ ਕਰ ਰਹੀਆਂ ਹਨ।
