ਹਿਜ਼ਬੁਲ ਦੇ ਦੋ ਮਾਡਿਊਲਜ਼ ਦਾ ਪਰਦਾਫਾਸ਼, 7 ਗ੍ਰਿਫਤਾਰ

Monday, Jul 17, 2017 - 12:37 AM (IST)

ਹਿਜ਼ਬੁਲ ਦੇ ਦੋ ਮਾਡਿਊਲਜ਼ ਦਾ ਪਰਦਾਫਾਸ਼, 7 ਗ੍ਰਿਫਤਾਰ

ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਨੇ ਅੱਜ ਹਿਜ਼ਬੁਲ ਦੇ 7 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ। ਇਹ ਅੱਤਵਾਦੀਆਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਾਉਣ ਦੇ ਇਲਾਵਾ ਕਸ਼ਮੀਰ ਵਿਚ ਨੌਜਵਾਨਾਂ ਦੀ ਸੰਗਠਨ ਵਿਚ ਭਰਤੀ ਕਰਨ ਵਿਚ ਮਦਦ ਕਰਦੇ ਸਨ।
ਜਾਣਕਾਰੀ ਅਨੁਸਾਰ ਬਾਰਾਮੂਲਾ ਜ਼ਿਲੇ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਦੋ ਮਾਡਿਊਲਜ਼ ਦਾ ਪਰਦਾਫਾਸ਼ ਕਰਦੇ ਹੋਏ 3 ਓਵਰ ਗਰਾਊਂਡ ਵਰਕਰਾਂ ਓ. ਜੀ. ਡਬਲਯੂ. ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀਆਂ ਦੇ ਇਸ ਮਾਡਿਊਲਜ਼ ਕੋਲੋਂ ਵੱਡੀ ਗਿਣਤੀ ਵਿਚ ਹਥਿਆਰ ਤੇ ਇਕ ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ।
ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਬਾਰਾਮੁਲਾ ਦੇ ਪੱਟਨ ਇਲਾਕੇ ਵਿਚ ਸੁਰੱਖਿਆ ਬਲਾਂ ਨੂੰ ਇਕ ਹਿਜ਼ਬੁਲ ਮਾਡਿਊਲ ਦੇ ਸਰਗਰਮ ਹੋਣ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਸੂਚਨਾ ਮਿਲਣ ਮਗਰੋਂ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ. ਓ. ਜੀ.) ਪਟਨ ਦੀ ਸਥਾਨਕ ਪੁਲਸ ਅਤੇ ਫੌਜ ਦੇ ਜਵਾਨਾਂ ਨੇ ਇਸ ਟਿਕਾਣੇ 'ਤੇ ਛਾਪੇਮਾਰੀ ਕੀਤੀ ਗਈ।
ਛਾਪਾਮਾਰੀ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਲੋਕ ਬਾਰਾਮੁਲਾ ਦੇ ਸਥਾਨਕ ਨੌਜਵਾਨਾਂ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਵਿਚ ਚੱਲ ਰਹੇ ਅੱਤਵਾਦੀਆਂ ਦੇ ਸਿਖਲਾਈ ਕੈਂਪ ਵਿਚ ਭੇਜਣ ਦੀ ਤਾਕ ਵਿਚ ਸਨ। ਇਸ ਗਿਰੋਹ ਦੀ ਅਗਵਾਈ ਹਿਜ਼ਬੁਲ ਕਮਾਂਡਰ ਪਰਵੇਜ਼ ਵਾਨੀ ਉਰਫ ਮੁਬਸ਼ਿਰ ਨਿਵਾਸੀ ਗਗਲੂਰਾ ਹੰਦਵਾੜਾ ਕਰ ਰਿਹਾ ਸੀ। ਬੁਲਾਰੇ ਨੇ ਕਿਹਾ ਕਿ ਗ੍ਰਿਫਤਾਰ ਲੋਕਾਂ ਦੀ ਪਛਾਣ ਅੰਸਾਰ ਉਲ੍ਹਾ ਤਾਂਤਰੇ ਪੁੱਤਰ ਮੁਹੰਮਦ ਮੁਨਾਵਰ ਤਾਂਤਰੇ ਵਾਸੀ ਰਾਏਪੁਰਾ ਪਾਲਹਾਲਨ, ਅਬਦੁਲ ਰਸ਼ੀਦ ਭੱਟ ਪੁੱਤਰ ਸੋਨਾ ਉਲ੍ਹਾ ਭੱਟ ਵਾਸੀ ਮਿਨੀਪੁਰਾ ਸੋਪੋਰ ਅਤੇ ਮੇਹਰਾਜ ਉਦੀਨ ਕਾਕ ਪੁੱਤਰ ਨਜੀਰ ਅਹਿਮਦ ਕਾਕ ਨਿਵਾਸੀ ਅੰਦਰਗਾਮ ਪੱਟਨ ਵਜੋਂ ਹੋਈ ਹੈ।
ਓਧਰ ਸ਼ੋਪੀਆਂ ਜ਼ਿਲੇ ਵਿਚ ਪਿਛਲੇ ਮਹੀਨੇ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਉਤੇ ਹਮਲੇ ਵਿਚ ਸ਼ਾਮਲ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ 4 ਓਵਰ ਗਰਾਊਂਡ ਵਰਕਰਾਂ (ਓ. ਜੀ. ਡਬਲਯੂ) ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਕਤ ਮੁਲਜ਼ਮਾਂ ਵਿਚ ਪੁਲਸ ਕਾਂਸਟੇਬਲ, ਬੈਂਕ ਕਰਮਚਾਰੀ ਅਤੇ ਨਿੱਜੀ ਸਕੂਲ ਅਧਿਆਪਕ ਅਤੇ ਹਿਜ਼ਬੁਲ ਦਾ ਵਰਵਰ ਵੀ ਸ਼ਾਮਲ ਹੈ। ਉੇਨ੍ਹਾਂ ਕਿਹਾ ਕਿ ਹਿਜ਼ਬੁਲ ਕਮਾਂਡਰ ਸੱਦਾਮ ਪਾਡਰ ਅਤੇ ਇਰਫਾਨ ਅਬਦੁੱਲਾ ਗਨਾਈ ਦੋਵੇਂ ਵਾਸੀ ਸ਼ੋਪੀਆਂ ਦੇ ਹੁਕਮਾਂ 'ਤੇ ਨਾਜਿਮ ਨਜੀਰ ਡਾਰ ਨਾਮੀ ਅੱਤਵਾਦੀ ਨੇ ਹਮਲੇ ਨੂੰ ਅੰਜਾਮ ਦਿੱਤਾ। ਉਥੇ ਦੋਸ਼ੀਆਂ ਦੀ ਪਛਾਣ ਆਮਿਰ ਮੋਹਿਉਦੀਨ ਨਿਵਾਸੀ ਹੈਫ, ਕਾਂਸਟੇਬਲ ਤੌਸੀਫ ਅਹਿਮਦ ਨਿਵਾਸੀ ਚਕੂਰਾ, ਬਸ਼ਾਰਤ ਯੂਸੁਫ ਮੀਰ ਵਾਸੀ ਲਿੱਤਰ ਅਤੇ ਇਫਤਕਾਰ ਰਾਥਰ ਉਰਫ ਜਮਸ਼ੇਦ ਨਿਵਾਸੀ ਅਵਨੀਰਾ ਦੇ ਰੂਪ ਵਿਚ ਹੋਈ ਹੈ।
ਰਸ਼ੀਦ ਭੱਟ ਨੂੰ ਪਾਕਿ ਹਾਈ ਕਮਿਸ਼ਨਰ ਨੇ ਦਿੱਤਾ ਸੀ ਵੀਜ਼ਾ
ਦੋਸ਼ੀਆਂ ਵਿਚੋਂ ਇਕ ਅਬਦੁਲ ਰਸ਼ੀਦ ਭੱਟ ਨੇ ਇਸ ਸਾਲ ਮਈ ਵਿਚ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਪੀ. ਓ. ਕੇ. ਵਿਚ ਸਥਿਤ ਹਿਜ਼ਬੁਲ ਦੇ ਖਾਲਦ ਬਿਨ ਵਲੀਦ ਕੈਂਪ ਵਿਚ ਅੱਤਵਾਦੀ ਸਰਗਰਮੀਆਂ ਲਈ ਟਰੇਨਿੰਗ ਪ੍ਰਾਪਤ ਕੀਤੀ। ਉਸ ਨੂੰ ਇਕ ਵੱਖਵਾਦੀ ਨੇਤਾ ਦੀ ਸਿਫਾਰਸ਼ 'ਤੇ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨਰ ਤੋਂ ਵੀਜ਼ਾ ਪ੍ਰਾਪਤ ਹੋਇਆ ਸੀ। ਇਸ ਮਾਮਲੇ ਵਿਚ ਪੱਟਨ ਪੁਲਸ ਥਾਣੇ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਮਾਡਿਊਲ ਦਾ ਮਕਸਦ ਸਿਰਫ ਨੌਜਵਾਨਾਂ ਨੂੰ ਅੱਤਵਾਦ ਵੱਲ ਆਕਰਸ਼ਤ ਕਰਨਾ ਹੀ ਨਹੀਂ ਹੈ, ਨਾਲ ਹੀ ਹਿਜ਼ਬੁਲ ਮੁਜਾਹਿਦੀਨ ਸੰਗਠਨ ਦੇ ਹੋਰ ਅੱਤਵਾਦੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣਾ ਹੈ।


Related News