ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇਅ ''ਤੇ ਵਾਪਰਿਆ ਦਰਦਨਾਕ ਹਾਦਸਾ, ਬੇਕਾਬੂ ਹੋ ਕੇ ਦੋ ਬੱਸਾਂ ਖੱਡ ''ਚ ਡਿੱਗੀਆਂ
Saturday, Jul 06, 2024 - 03:52 PM (IST)
ਖਤੌਲੀ- ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਜ਼ਿਲ੍ਹੇ ਦੇ ਖਤੌਲੀ ਥਾਣਾ ਖੇਤਰ 'ਚ ਦਿੱਲੀ-ਦੇਹਰਾਦੂਨ ਨੈਸ਼ਨਲ ਹਾਈਵੇਅ-58 'ਤੇ ਭੰਗੇਲਾ ਪਿੰਡ ਨੇੜੇ ਸ਼ਨੀਵਾਰ ਸਵੇਰੇ ਇਕ ਈ-ਰਿਕਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਦੋ ਬੱਸਾਂ ਬੇਕਾਬੂ ਹੋ ਕੇ ਸੜਕ ਕੰਢੇ ਖੱਡ 'ਚ ਪਲਟ ਗਈਆਂ। ਇਸ ਹਾਦਸੇ 'ਚ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ ਬੱਸ 'ਚ ਸਵਾਰ 15 ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਤੜਕੇ ਵਾਪਰੇ ਇਸ ਸੜਕ ਹਾਦਸੇ ਕਾਰਨ ਮੌਕੇ 'ਤੇ ਹਾਹਾਕਾਰ ਮਚ ਗਈ ਅਤੇ ਆਵਾਜ਼ ਸੁਣ ਕੇ ਦਰਜਨਾਂ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਖਤੌਲੀ ਸਮੇਤ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਪ੍ਰਾਪਤ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਉਦੈਪੁਰ ਤੋਂ ਪੂਜਾ ਟਰਾਂਸਪੋਰਟ ਦੀ ਬੱਸ ਲੈ ਕੇ ਡਰਾਈਵਰ ਰਾਮ ਗੋਪਾਲ ਪੁੱਤਰ ਸੋਹਣ ਸਿੰਘ ਵਾਸੀ ਨੰਗਲਾ ਬੰਜਾਰਾ ਜ਼ਿਲ੍ਹਾ ਹਰਦੋਈ ਗੰਜ, ਆਪਰੇਟਰ ਨਰਿੰਦਰ ਕੁਮਾਰ ਵਾਸੀ ਜੈਪੁਰ, ਰਾਜਸਥਾਨ ਸ਼ਨੀਵਾਰ ਸਵੇਰੇ ਕਰੀਬ 25 ਯਾਤਰੀਆਂ ਨੂੰ ਲੈ ਕੇ ਉਦੈਪੁਰ ਤੋਂ ਸਹਾਰਨਪੁਰ ਜਾ ਰਿਹਾ ਸੀ। ਜਿਵੇਂ ਬੱਸ ਖਤੌਲੀ ਦੇ ਪਿੰਡ ਭੰਗੇਲਾ ਨੇੜੇ ਪੁੱਜੀ ਤਾਂ ਅੱਗੇ ਜਾ ਰਹੇ ਕੰਟੇਨਰ ਨਾਲ ਟਕਰਾ ਗਈ ਅਤੇ ਬੇਕਾਬੂ ਹੋ ਕੇ ਖੱਡ ਵਿਚ ਪਲਟ ਗਈ, ਜਿਸ 'ਚ ਡਰਾਈਵਰ ਰਾਮ ਗੋਪਾਲ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋ ਗਏ। ਇਸ ਦਰਮਿਆਨ ਰਾਜਸਥਾਨ ਦੇ ਉਦੈਪੁਰ ਤੋਂ ਆ ਰਹੀ ਗਜਰਾਜ ਟਰਾਂਸਪੋਰਟ ਦੀ ਬੱਸ ਦਾ ਡਰਾਈਵਰ ਮਦਨਲਾਲ ਪੁੱਤਰ ਚੁੰਨੀਲਾਲ, ਕੰਡਕਟਰ ਅਨਿਲ ਕੁਮਾਰ ਕਰੀਬ 30 ਸ਼ਰਧਾਲੂਆਂ ਨੂੰ ਲੈ ਕੇ ਹਰਿਦੁਆਰ ਜਾ ਰਿਹਾ ਸੀ। ਈ-ਰਿਕਸ਼ਾ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਖੱਡ 'ਚ ਡਿੱਗ ਕੇ ਪਲਟ ਗਈ।