ਉੱਤਰਾਖੰਡ ''ਚ BTech ਦੇ ਦੋ ਪੇਪਰ ਲੀਕ: ਸਹਾਇਕ ਪ੍ਰੋਫੈਸਰ ਗ੍ਰਿਫ਼ਤਾਰ
Friday, Jul 24, 2026 - 04:14 AM (IST)
ਦੇਹਰਾਦੂਨ : ਦੇਸ਼ ਭਰ ਵਿੱਚ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਦੇ ਚੱਲ ਰਹੇ ਵਿਵਾਦ ਦੇ ਵਿਚਕਾਰ ਹੁਣ ਉੱਤਰਾਖੰਡ ਤਕਨੀਕੀ ਯੂਨੀਵਰਸਿਟੀ (UTU) ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਯੂਨੀਵਰਸਿਟੀ ਵਿੱਚ ਬੀ.ਟੈੱਕ ਤੀਜੇ ਸਾਲ ਦੇ ਦੋ ਪੇਪਰ ਪ੍ਰੀਖਿਆ ਤੋਂ ਪਹਿਲਾਂ ਹੀ ਵਿਦਿਆਰਥੀਆਂ ਤੱਕ ਪਹੁੰਚ ਗਏ, ਜਿਸ ਤੋਂ ਬਾਅਦ ਪੁਲਸ ਨੇ ਇੱਕ ਸਹਾਇਕ ਪ੍ਰੋਫੈਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਕਾਰਵਾਈ ਦੌਰਾਨ ਸ਼ਿਵਾਲਿਕ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰ ਆਸ਼ੀਸ਼ ਕੁਮਾਰ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਉਸ ਨੇ ਪੈਸਿਆਂ ਦੇ ਲਾਲਚ ਵਿੱਚ ਪ੍ਰੀਖਿਆ ਨਾਲ ਮਿਲਦੇ-ਜੁਲਦੇ ਸਵਾਲ ਇੱਕ ਕਾਲਜ ਦੇ ਵਟਸਐਪ ਗਰੁੱਪ ਵਿੱਚ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਸਨ। ਦੇਹਰਾਦੂਨ ਦੇ ਐਸ.ਪੀ. ਸਿਟੀ ਅਨੁਸਾਰ, ਸ਼ਿਕਾਇਤ ਮਿਲਣ ਤੋਂ ਬਾਅਦ ਬਣਾਈਆਂ ਗਈਆਂ ਕਮੇਟੀਆਂ ਦੀ ਜਾਂਚ ਵਿੱਚ ਇਹ ਦੋਸ਼ ਸਹੀ ਪਾਏ ਗਏ ਹਨ।
ਮਾਮਲਾ ਸਾਹਮਣੇ ਆਉਂਦੇ ਹੀ ਯੂਨੀਵਰਸਿਟੀ ਦੀ ਕੁਲਪਤੀ ਤ੍ਰਿਪਤਾ ਠਾਕੁਰ ਨੇ ਦੋਵੇਂ ਪੇਪਰ ਤੁਰੰਤ ਰੱਦ ਕਰਨ ਦਾ ਐਲਾਨ ਕੀਤਾ। ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋਸ਼ੀ ਪ੍ਰੋਫੈਸਰ ਨੂੰ ਪ੍ਰੀਖਿਆ ਨਾਲ ਜੁੜੇ ਸਾਰੇ ਕੰਮਾਂ ਤੋਂ ਅਗਲੇ 7 ਸਾਲਾਂ ਲਈ ਬੈਨ ਕਰ ਦਿੱਤਾ ਹੈ। ਪੁਲਿਸ ਹੁਣ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਇਸ ਘਟਨਾ ਨੇ ਸੂਬੇ ਵਿੱਚ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਕਲ ਮਾਫੀਆ ਵਿਰੁੱਧ 'ਜ਼ੀਰੋ ਟਾਲਰੈਂਸ' ਦੀ ਨੀਤੀ 'ਤੇ ਕੰਮ ਕਰ ਰਹੀ ਹੈ ਅਤੇ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ, ਵਿਰੋਧੀ ਧਿਰ ਕਾਂਗਰਸ ਅਤੇ ਵਿਦਿਆਰਥੀ ਸੰਗਠਨ NSUI ਨੇ ਇਸ ਨੂੰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਦੱਸਿਆ ਹੈ। NSUI ਨੇ ਕੁਲਪਤੀ ਨੂੰ ਹਟਾਉਣ ਦੀ ਮੰਗ ਕੀਤੀ ਹੈ, ਜਦੋਂ ਕਿ ਉੱਤਰਾਖੰਡ ਕਾਂਗਰਸ ਦੇ ਪ੍ਰਧਾਨ ਗਣੇਸ਼ ਗੋਦਿਆਲ ਨੇ ਸੂਬੇ ਦੇ ਸਿੱਖਿਆ ਮੰਤਰੀ ਧਨ ਸਿੰਘ ਰਾਵਤ ਦੇ ਅਸਤੀਫੇ ਦੀ ਮੰਗ ਕੀਤੀ ਹੈ।
