Twitter 'ਚ ਅੱਜ ਤੋਂ ਛਾਂਟੀ ਸ਼ੁਰੂ ਕਰਨਗੇ ਏਲਨ ਮਸਕ, ਕੰਪਨੀ ਦੇ ਅੱਧੇ ਮੁਲਾਜ਼ਮਾਂ ਨੂੰ ਖੋਹਣੀ ਪੈ ਸਕਦੀ ਹੈ ਨੌਕਰੀ
Friday, Nov 04, 2022 - 09:41 AM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਆਦਮੀ ਏਲਨ ਮਸਕ ਵੱਲੋਂ ਟਵਿੱਟਰ ਆਪਣੇ ਹੱਥਾਂ 'ਚ ਕਰਨ ਦੇ ਇਕ ਹਫ਼ਤੇ ਮਗਰੋਂ ਸੋਸ਼ਲ ਮੀਡੀਆ ਕੰਪਨੀ 'ਚ ਮੁਲਾਜ਼ਮਾਂ ਦੀ ਛਾਂਟੀ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਟਵਿੱਟਰ ਦੇ 7500 ਮੁਲਾਜ਼ਮਾਂ 'ਚੋਂ ਕਰੀਬ ਅੱਧਿਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਵੇਗਾ। ਨਿਊਯਾਰਕ ਟਾਈਮਜ਼ ਨੇ ਕੰਪਨੀ 'ਚ ਜਾਰੀ ਕੀਤੀ ਗਏ ਇਕ ਈਮੇਲ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੋਸ਼ਲ ਮੀਡੀਆ ਕੰਪਨੀ ਦੇ 44 ਅਰਬ ਅਮਰੀਕੀ ਡਾਲਰ ਦੇ ਐਕੁਆਇਰ ਨੂੰ ਪੂਰਾ ਕਰਨ ਅਤੇ ਸੀ. ਈ. ਓ. ਪਰਾਗ ਅਗਰਵਾਲ, ਕਾਨੂੰਨੀ ਕਾਰਜਕਾਰੀ ਅਧਿਕਾਰੀ ਵਿਜੇ ਗੁੱਡੇ, ਮੁੱਖ ਵਿੱਤ ਅਧਿਕਾਰੀ ਨੇਡ ਸਹਿਗਲ ਅਤੇ ਜਨਰਲ ਕਾਊਂਸਲ ਸੀਨ ਏਡਗੇਟ ਨੂੰ ਹਟਾਉਣ ਦੇ ਠੀਕ ਇਕ ਹਫ਼ਤੇ ਬਾਅਦ ਏਲਨ ਮਸਕ ਸ਼ੁੱਕਰਵਾਰ ਨੂੰ ਟਵਿੱਟਰ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰ ਦੇਣਗੇ।
ਇਹ ਵੀ ਪੜ੍ਹੋ : ਪੰਜਾਬ ਭਰ ਦੇ ਕਿਸਾਨਾਂ ਨੂੰ PAU ਦੀ ਸਲਾਹ, ਕਣਕ ਦਾ ਵੱਧ ਝਾੜ ਲੈਣ ਲਈ ਇਸ ਤਾਰੀਖ਼ ਤੱਕ ਕਰੋ ਬਿਜਾਈ
ਰਿਪੋਰਟ 'ਚ ਕਿਹਾ ਗਿਆ ਹੈ ਕਿ ਟਵਿੱਟਰ ਮੁਲਾਜ਼ਮਾਂ ਨੂੰ ਈਮੇਲ 'ਚ ਸੂਚਿਤ ਕੀਤਾ ਗਿਆ ਹੈ ਕਿ ਛਾਂਟੀ ਸ਼ੁਰੂ ਹੋਣ ਵਾਲੀ ਹੈ ਅਤੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਘਰ ਜਾਣ ਅਤੇ ਸ਼ੁੱਕਰਵਾਰ ਨੂੰ ਦਫ਼ਤਰ ਨਾ ਆਉਣ ਕਿਉਂਕਿ ਛਾਂਟੀ ਸ਼ੁਰੂ ਹੋ ਰਹੀ ਹੈ। ਰਿਪੋਰਟ ਦੇ ਮੁਤਾਬਕ ਈਮੇਲ 'ਚ ਕਿਹਾ ਗਿਆ ਹੈ ਕਿ ਟਵਿੱਟਰ 'ਚ ਸੁਧਾਰ ਦੀ ਕੋਸ਼ਿਸ਼ 'ਚ ਅਸੀਂ ਔਖੀ ਪ੍ਰਕਿਰਿਆ 'ਚੋਂ ਲੰਘਾਂਗੇ।
ਅਸੀਂ ਮੰਨਦੇ ਹਾਂ ਕਿ ਇਹ ਕਈ ਵਿਅਕਤੀਆਂ ਨੂੰ ਪ੍ਰਭਾਵਿਤ ਕਰੇਗਾ, ਜਿਨ੍ਹਾਂ ਨੇ ਟਵਿੱਟਰ 'ਚ ਬਹੁਮੁੱਲਾ ਯੋਗਦਾਨ ਦਿੱਤਾ ਹੈ ਪਰ ਕੰਪਨੀ ਦੀ ਸਫ਼ਲਤਾ ਨੂੰ ਅੱਗੇ ਵਧਾਉਣ ਲਈ ਇਹ ਮੰਦਭਾਗੀ ਕਾਰਵਾਈ ਜ਼ਰੂਰੀ ਹੈ। ਹਾਲਾਂਕਿ ਇਹ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਛਾਂਟੀ ਦੀ ਸਹੀ ਗਿਣਤੀ ਕੀ ਹੋਵੇਗੀ ਪਰ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਟਵਿੱਟਰ ਦੇ ਕਰੀਬ ਅੱਧੇ ਮੁਲਾਜ਼ਮ ਆਪਣੀ ਨੌਕਰੀ ਖੋਹ ਦੇਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ