ਟਵਿਟਰ ਦੇ ਦਫ਼ਤਰ ''ਤੇ ਦਿੱਲੀ ਪੁਲਿਸ ਦੀ ਛਾਪੇਮਾਰੀ ਮਗਰੋਂ ਅਮਰੀਕਾ ਤੱਕ ਖੜਕੀਆਂ ਤਾਰਾਂ

05/25/2021 9:12:43 PM

ਨਵੀਂ ਦਿੱਲੀ (ਬਿਊਰੋ) : ਟੂਲਕਿੱਟ ਮਾਮਲੇ 'ਚ ਕੇਂਦਰੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ।ਹੁਣ ਇਸ ਦੀਆਂ ਤਾਰਾਂ ਦਿੱਲੀ ਤੋਂ ਲੈ ਕੇ ਅਮਰੀਕਾ ਤਕ ਖੜਕ ਗਈਆਂ ਹਨ।ਕਾਂਗਰਸ ਦੇ ਕਥਿਤ ਟੂਲਕਿੱਟ ਮਾਮਲੇ ਵਿੱਚ ਦਿੱਲੀ ਪੁਲਸ ਵੱਲੋਂ ਟਵਿਟਰ ਨੂੰ ਨੋਟਿਸ ਜਾਰੀ ਕਰਨ ਅਤੇ ਇੰਡੀਆ ਦੇ ਦਫ਼ਤਰ ਵਿੱਚ ਛਾਪੇਮਾਰੀ ਕਰਨ ਮਗਰੋਂ ਟਵਿਟਰ ਕੰਪਨੀ ਦਾ ਯੂਐੱਸ ਹੈੱਡਕੁਆਟਰ ਵੀ ਸਰਗਰਮ ਹੋ ਗਿਆ ਹੈ।ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੀ ਟੀਮ ਵੱਲੋਂ ਦਿੱਲੀ ਦੇ ਲਾਡੋਸਰਾਏ ਵਿੱਚ ਸਥਿਤ ਟਵਿਟਰ ਦੇ ਦਫ਼ਤਰ ਦੀ ਤਲਾਸ਼ੀ ਲੈਣ ਉਪਰੰਤ ਹਰਕਤ ਵਿੱਚ ਆਉਂਦਿਆਂ ਸੋਸ਼ਲ ਮੀਡੀਆ ਕੰਪਨੀ ਟਵਿਟਰ ਨੇ ਇਹ ਮਾਮਲਾ ਗਲੋਬਲ ਡਿਪਟੀ ਜਨਰਲ ਕਾਉਂਸਲ ਤੇ ਕਾਨੂੰਨੀ ਮਾਹਿਰ ਜਿੰਮ ਬੇਕਰ ਨੂੰ ਸੌਂਪਿਆ ਹੈ ਜਿਸ ਨੇ ਅਮਰੀਕੀ ਜਾਂਚ ਏਜੰਸੀ ਐੱਫਬੀਆਈ (ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਨਾਲ ਵੀ ਕੰਮ ਕੀਤਾ ਹੈ।ਟਾਈਮਜ਼ ਆਫ ਇੰਡੀਆ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਟਵਿਟਰ ਕੰਪਨੀ ਇਸ ਮਾਮਲੇ ਨੂੰ ਵੱਡੇ ਪੱਧਰ 'ਤੇ ਨਜਿੱਠਣ ਬਾਰੇ ਸੋਚ ਰਹੀ ਹੈ। 

ਕੀ ਹੈ ਟੂਲਕਿੱਟ ਮਾਮਲਾ
ਗੌਰਤਲਬ ਹੈ ਕਿ ਭਾਜਪਾ ਆਗੂ ਸੰਬਿਤ ਪਾਤਰਾ ਵੱਲੋਂ ਇਹ ਕਿਹਾ ਗਿਆ ਸੀ ਕਿ ਕਾਂਗਰਸ ਨੇ ਇੱਕ ਅਜਿਹੀ ਟੂਲਕਿੱਟ ਬਣਾਈ ਹੈ ਜਿਸ ਦੇ ਜ਼ਰੀਏ ਮੋਦੀ ਸਰਕਾਰ ਨੂੰ ਬਦਨਾਮ ਕਰਣ ਦਾ ਕੰਮ ਹੋ ਰਿਹਾ ਹੈ। ਸੰਬਿਤ ਪਾਤਰਾ ਨੇ ਟਵੀਟ ਕਰਕੇ ਰਾਹੁਲ ਗਾਂਧੀ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਸੀ।ਉਨ੍ਹਾਂ ਕਿਹਾ ਸੀ ਕਿ ਰਾਹੁਲ ਗਾਂਧੀ ਕੋਰੋਨਾ ਨੂੰ ਲੈ ਕੇ ਜੋ ਵੀ ਟਵੀਟ ਕਰਦੇ ਹਨ, ਉਸ ਜ਼ਰੀਏ ਪ੍ਰਧਾਨ ਮੰਤਰੀ ਮੋਦੀ  'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਜੋ ਕਾਂਗਰਸ ਦੀ ਟੂਲਕਿੱਟ ਦਾ ਹਿੱਸਾ ਹੈ।ਉਦੋਂ ਤੋਂ ਹੀ ਭਾਜਪਾ ਅਤੇ ਕਾਂਗਰਸ ਦਰਮਿਆਨ ਇਕ-ਦੂਜੇ 'ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ

ਇਹ ਵੀ ਪੜ੍ਹੋ :ਅਮਰੀਕਾ ਵਿਚ ਲੋਕਾਂ ਨੂੰ ਮਿਲ ਰਿਹਾ ਮਾਸਕ ਤੋਂ ਛੁਟਕਾਰਾ, ਕੀ ਭਾਰਤ ਵਿਚ ਵੀ ਹੈ ਸੰਭਵ!

ਇਹ ਮਾਮਲੇ ਉਦੋਂ ਹੋਰ ਭਖ ਗਿਆ ਜਦੋਂ ਪਿਛਲੇ ਦਿਨੀਂ ਕਾਂਗਰਸ ਦੇ ਕਥਿਤ ਟੂਲਕਿੱਟ ਨੂੰ ਲੈ ਕੇ ਭਾਜਪਾ ਆਗੂ ਵਲੋਂ ਕੀਤੇ ਟਵੀਟ 'ਤੇ ਟਵਿੱਟਰ ਨੇ ਇਸ ਨੂੰ ਮੈਨਿਊਪੁਲੇਟਿਡ ਮੀਡੀਆ (ਤੋੜ-ਮਰੋੜ ਕੇ ਪੇਸ਼ ਕੀਤੇ ਗਏ ਮੀਡੀਆ ਦੀ ਸ਼੍ਰੇਣੀ) 'ਚ ਪਾ ਦਿੱਤਾ ਸੀ ।ਇਸ ਤੋਂ ਬਾਅਦ ਕੇਂਦਰੀ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਟਵਿਟਰ ਦੀ ਗਲੋਬਲ ਟੀਮ ਨੂੰ ਸਖ਼ਤ ਸ਼ਬਦਾਂ 'ਚ ਚਿੱਠੀ ਲਿਖੀ ਅਤੇ ਕੁਝ ਆਗੂਆਂ ਦੇ ਟਵੀਟ ਨਾਲ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਮੀਡੀਆ ਦੀ ਸ਼੍ਰੇਣੀ’ ਦੇ ਟੈਗ 'ਤੇ ਇਤਰਾਜ਼ ਜਤਾਇਆ ਸੀ। ਸਰਕਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਫ਼ੈਸਲਾ ਨਹੀਂ ਦੇ ਸਕਦਾ, ਉਹ ਵੀ ਉਦੋਂ ਜਦੋਂ ਕੇਸ ਦੀ ਜਾਂਚ ਚੱਲ ਰਹੀ ਹੋਵੇ।

ਨੋਟ: ਕੀ ਸੋਸ਼ਲ ਮੀਡੀਆ ਕੰਪਨੀਆਂ ਆਪਣੀ ਸ਼ਕਤੀ ਦੀ ਨਜਾਇਜ਼ ਵਰਤੋਂ ਕਰ ਰਹੀਆਂ ਹਨ?ਕੁਮੈਂਟ ਕਰਕੇ ਦਿਓ ਆਪਣੀ ਰਾਏ


 


Harnek Seechewal

Content Editor

Related News